July 7, 2024 7:09 am
ਪੰਜ ਪਿਆਰਿਆਂ' ਦੇ ਬਿਆਨ

ਪੰਜ ਪਿਆਰਿਆਂ’ ਦੇ ਬਿਆਨ ਨੂੰ ਲੈ ਕੇ ਹਰੀਸ਼ ਰਾਵਤ ਦੀਆਂ ਮੁਸ਼ਕਲਾਂ ਵਧੀਆਂ ,ਯੂਥ ਅਕਾਲੀ ਦਲ ਹਰੀਸ਼ ਰਾਵਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਏਗਾ

ਚੰਡੀਗੜ੍ਹ ,4 ਸਤੰਬਰ 2021 : ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਆਪਣੇ ‘ਪੰਜ ਪਿਆਰੇ’ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਚੁੱਕੇ ਹਨ । ਮਾਫੀ ਮੰਗਣ ਅਤੇ ਉਤਰਾਖੰਡ ਦੇ ਗੁਰਦੁਆਰਾ ਨਾਨਕਮੱਤਾ ਸਾਹਿਬ ਵਿਖੇ ਜੋੜੇ ਸਾਫ਼ ਅਤੇ ਝਾੜੂ ਦੀ ਸੇਵਾ ਨਿਭਾਉਣ ਦੇ ਬਾਅਦ ਵੀ, ਵਿਵਾਦ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ । ਯੂਥ ਅਕਾਲੀ ਦਲ ਵੱਲੋਂ ਰਾਵਤ ਦਾ ਪੁਤਲਾ ਵੀ ਸਾੜਿਆ ਗਿਆ ਸੀ ਅਤੇ ਹੁਣ ਉਹ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਕਰ ਰਹੇ ਹਨ।

ਇਹ ਸ਼ਿਕਾਇਤ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਦਿੱਤੀ ਜਾਵੇਗੀ । ਸ਼ਿਕਾਇਤ ਉਸ ਦੇ ਉਸ ਬਿਆਨ ਦੇ ਵਿਰੁੱਧ ਹੈ ਜਿਸ ਵਿੱਚ ਉਸਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਉਸਦੇ ਚਾਰ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕੀਤੀ ਸੀ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦਾ ਕਹਿਣਾ ਹੈ ਕਿ ਹਰੀਸ਼ ਰਾਵਤ ਨੇ ਅਜਿਹਾ ਬਿਆਨ ਦੇ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਲਈ ਉਸ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਹਾਲ ਹੀ ਵਿੱਚ ਰਾਵਤ ਨੇ ਇੱਕ ਬਿਆਨ ਦਿੱਤਾ  

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਪੰਜਾਬ ਆਏ ਸਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਬਿਆਨ ਦਿੱਤਾ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਕਾਰਜਕਾਰੀ ਪ੍ਰਧਾਨ ਪੰਜ ਪਿਆਰਿਆਂ ਵਰਗੇ ਹਨ। ਫਿਰ ਇਸ ਗੱਲ ਤੇ ਵਿਵਾਦ ਹੋਣਾ ਲਾਜ਼ਮੀ ਸੀ | ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਬਿਆਨ ਜਾਰੀ ਕਰਦਿਆਂ ਹਰੀਸ਼ ਰਾਵਤ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਮੁਆਫ਼ੀ ਮੰਗ ਚੁੱਕੇ ਰਾਵਤ , ਸੇਵਾ ਕਰਨ ਲਈ ਤਿਆਰ

ਹਰੀਸ਼ ਰਾਵਤ ਨੇ ਆਪਣੇ ਬਿਆਨ ‘ਤੇ ਹੋਏ ਵਿਵਾਦ ਨੂੰ ਦੇਖਦੇ ਹੋਏ ਤੁਰੰਤ ਮੁਆਫ਼ੀ ਮੰਗ ਲਈ ਸੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਅਣਜਾਣੇ ਵਿੱਚ ਹੋਇਆ ਹੈ। ਇਸ ਦੇ ਲਈ ਉਹ ਸਾਰਿਆਂ ਤੋਂ ਮੁਆਫ਼ੀ ਮੰਗਦੇ ਹਨ । ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਚਾਹੁੰਦੇ ਸਨ। ਜੋ ਵੀ ਹੋਇਆ ਗਲਤੀ ਨਾਲ ਹੋਇਆ ਅਤੇ ਉਹ ਇਸ ਲਈ ਦੁਖੀ ਹਨ | ਇਸ ਤੋਂ ਬਾਅਦ ਹਰੀਸ਼ ਰਾਵਤ ਸ਼ੁੱਕਰਵਾਰ ਨੂੰ ਉਤਰਾਖੰਡ ਦੇ ਨਾਨਕਮੱਤਾ ਗੁਰਦੁਆਰੇ ਵੀ ਪਹੁੰਚੇ।