ਪੰਜਾਬੀ ਮਾਹ

ਸਾਹਿਤਕਾਰਾਂ ਨੇ ਸਮੇਂ-ਸਮੇਂ ‘ਤੇ ਕਲਮ ਰਾਹੀਂ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ : ਜੌੜਾਮਾਜਰਾ

ਪਟਿਆਲਾ 04 ਨਵੰਬਰ 2022: ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਦੌਰਾਨ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਅੱਜ ਇੱਥੇ ਮੁੱਖ ਦਫਤਰ ਵਿਖੇ ਨਾਵਲਕਾਰ ਨਾਨਕ ਸਿੰਘ ਦੇ 125ਵੇਂ ਜਨਮ ਦਿਨ ਨੂੰ ਸਮਰਪਿਤ ਗੋਸ਼ਟੀ ਕਰਵਾਈ ਗਈ। ਵਿਭਾਗ ਦੀ ਸੰਯੁਕਤ ਡਾਇਰਕੈਟਰ ਡਾ. ਵੀਰਪਾਲ ਕੌਰ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਮੁੱਖ ਮਹਿਮਾਨ ਵਜੋਂ ਅਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਵੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਕੀਤੀ। ਡਾ. ਸੁਰਜੀਤ ਸਿੰਘ ਨੇ ਮੁੱਖ ਵਕਤਾ ਵਜੋਂ ਅਤੇ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਵਿਭਾਗ ਵੱਲੋਂ ਨਾਵਲਕਾਰ ਨਾਨਕ ਸਿੰਘ ਸਬੰਧੀ ਛਾਪੇ ਗਏ ਸਾਹਿਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਭਾਗ ਦੀਆਂ ਯੋਜਨਾਵਾਂ ਤੇ ਸਰਗਰਮੀਆਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਾਹਿਤ ਨੂੰ ਸਮਾਜ ਨਾਲ ਜੋੜਕੇ ਕਲਾਤਮਕ ਤਰੀਕੇ ਨਾਲ ਸਿਰਜਿਆ ਜਾਣਾ ਚਾਹੀਦਾ ਹੈ, ਜਿਸ ਨਾਲ ਸਾਹਿਤ ‘ਤੇ ਪਾਠਕਾਂ ਦੀ ਭਰੋਸੇਯੋਗਤਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾਉਣ ਲਈ ਵਚਨਬੱਧ ਤੇ ਯਤਨਸ਼ੀਲ ਹੈ। ਸ. ਜੌੜਾਮਾਜਰਾ ਨੇ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ‘ਚ ਚਲੇ ਜਾਈਏ ਪਰ ਇਸ ਨੂੰ ਤਿਆਗਣਾ ਨਹੀਂ ਚਾਹੀਦਾ।

ਨਾਵਲਕਾਰ ਨਾਨਕ ਸਿੰਘ ਦੇ ਨਾਵਲਾਂ ‘ਚ ਪੰਜਾਬ ਦੇ ਅੱਧੀ ਸਦੀ ਦਾ ਬਿਰਤਾਂਤ ਮੌਜੂਦ

ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਨੇ ਸਮੇਂ ਸਮੇਂ ਉਤੇ ਸਮਾਜਿਕ ਕੁਰੀਤੀਆਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ ਤੇ ਨਾਵਲਕਾਰ ਨਾਨਕ ਸਿੰਘ ਦੇ ਨਾਵਲਾਂ ਵਿੱਚ ਤਾਂ ਪੰਜਾਬ ਦੀ ਅੱਧੀ ਸਦੀ ਦਾ ਬਿਰਤਾਂਤ ਮੌਜੂਦ ਹੈ। ਉਨ੍ਹਾਂ ਇਸ ਮੌਕੇ ਉਨ੍ਹਾਂ ‘ਪੰਜਾਬ ਦੀਆਂ ਲੋਕ ਗਾਥਾਵਾਂ’ ਲੜੀ ਦੀਆਂ ਤਿੰਨ ਪੁਸਤਕਾਂ ਵੀ ਰਿਲੀਜ਼ ਕੀਤੀਆਂ।

ਵਿਸ਼ੇਸ਼ ਮਹਿਮਾਨ ਡਾ. ਬਲਵੀਰ ਸਿੰਘ ਨੇ ਕਿਹਾ ਕਿ ਨਾਵਲਕਾਰ ਨਾਨਕ ਸਿੰਘ ਨੂੰ ਯਾਦ ਕਰਨਾ ਆਪਣੇ ਸਾਹਿਤ ਤੇ ਬੋਲੀ ਦਾ ਸਤਿਕਾਰ ਹੈ। ਉਨ੍ਹਾਂ ਦੇ ਨਾਵਲਾਂ ਨੂੰ ਪੜ੍ਹਕੇ ਅਸੀਂ ਸਹਿਜੇ ਹੀ ਪੁਰਾਣੀਆਂ ਘਟਨਾਵਾਂ ਨਾਲ ਜੁੜ ਜਾਂਦੇ ਹਾਂ। ਉਨ੍ਹਾਂ ਨਾਨਕ ਸਿੰਘ ਦੇ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ‘ਚ ਆਪਣੀਆਂ ਕ੍ਰਿਤਾਂ ਰਾਹੀਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਲਮ ਦੀ ਤਾਕਤ ਤਲਵਾਰ ਨਾਲੋਂ ਜ਼ਿਆਦਾ ਧਾਰਦਾਰ ਹੈ। ਉਨ੍ਹਾਂ ਭਾਸ਼ਾ ਵਿਭਾਗ ਦੇ ਉੱਦਮ ਦੀ ਸ਼ਲਾਘਾ ਕੀਤੀ |

ਚੰਗਾ ਲੇਖਕ ਹਮੇਸ਼ਾਂ ਹੀ ਗੱਲਾਂ-ਗੱਲਾਂ ‘ਚ ਪਾਠਕ ਨੂੰ ਪੜ੍ਹਾਉਂਦਾ ਹੈ

ਡਾ. ਸੁਰਜੀਤ ਸਿੰਘ ਭੱਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਭਾਸ਼ਾ ਵਿਭਾਗ ਨੂੰ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਪੰਜਾਬ ਭਰ ‘ਚ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਾਵਲ ਪੜ੍ਹਨਾ ਸਿਰਫ ਕਹਾਣੀ ਨੂੰ ਜਾਣਨਾ ਨਹੀਂ ਹੁੰਦਾ ਸਗੋਂ ਲੇਖਕ ਦੁਆਰਾ ਉਭਾਰੇ ਤੇ ਛੁਪਾਏ ਜਾਣ ਵਾਲੇ ਤੱਥਾਂ ਨੂੰ ਵੀ ਜਾਣਨਾ ਚਾਹੀਦਾ ਹੈ। ਜਿਸ ਨਾਲ ਪਾਠਕਾਂ ਦਾ ਬੌਧਿਕ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਲੇਖਕ ਹਮੇਸ਼ਾਂ ਹੀ ਗੱਲਾਂ-ਗੱਲਾਂ ‘ਚ ਪਾਠਕ ਨੂੰ ਪੜ੍ਹਾਉਂਦਾ ਹੈ ਤੇ ਤੱਥਾਂ ਨਾਲ ਬੋਝ ਨਹੀਂ ਪਾਉਂਦਾ। ਡਾ. ਸੁਰਜੀਤ ਸਿੰਘ ਨੇ ਨਾਨਕ ਸਿੰਘ ਨੇ ਆਪਣੇ ਨਾਵਲਾਂ ‘ਚ ਇੱਕ ਭਾਵੁਕ ਇਨਸਾਨ ਦੀ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਦੇ ਨਾਵਲਾਂ ‘ਚ ਨਿਆ, ਤਰਸ ਤੇ ਹਮਦਰਦੀ ਦੇ ਭਾਵ ਸਪੱਸ਼ਟ ਰੂਪ ‘ਚ ਨਜ਼ਰ ਆਉਂਦੇ ਹਨ।

ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਨਾਨਕ ਸਿੰਘ ਨੇ ਆਪਣੇ ਨਾਵਲਾਂ ਰਾਹੀਂ ਦਰਸਾਇਆ ਕਿ ਲੇਖਕ ਦੀ ਸਮਾਜ ‘ਚ ਕੀ ਭੂਮਿਕਾ ਹੁੰਦੀ ਹੈ। ਉਹ ਸਦਾ ਸਮਕਾਲੀ ਪ੍ਰਸਥਿਤੀਆਂ ਨੂੰ ਨਾਲ ਲੈ ਕੇ ਚੱਲੇ ਤਾਂ ਹੀ ਉਨਾਂ ਨੂੰ ਹਰ ਵਰਗ ਦੇ ਪਾਠਕ ਨੇ ਪ੍ਰਵਾਨ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਦੇ ਮਕਬੂਲ ਮੰਨੇ ਜਾਣ ਵਾਲੇ ਨਾਵਲਕਾਰ ਚੇਤਨ ਭਗਤ ਤੋਂ ਨਾਨਕ ਸਿੰਘ ਕਿਤੇ ਅੱਗੇ ਹਨ। ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕਿਹਾ ਕਿ ਨਾਨਕ ਸਿੰਘ ਉਨ੍ਹਾਂ ਨਾਵਲਕਾਰਾਂ ‘ਚ ਸ਼ਾਮਲ ਹੈ ਜਿਨ੍ਹਾਂ ਨੇ ਪੰਜਾਬੀ ਨਾਵਲ ਦੀ ਪਹਿਚਾਣ ਬਣਾਈ। ਉਨ੍ਹਾਂ ਕਿਹਾ ਕਿ ਉਹ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ‘ਚੋਂ ਮੋਹਰੀ ਸਨ।

ਉਹ ਦੁਨੀਆ ਭਰ ਦੇ ਸਾਹਿਤ ਤੇ ਘਟਨਾਵਾਂ ਨਾਲ ਜੁੜੇ ਹੋਏ ਸਨ ਜਿੰਨ੍ਹਾਂ ਦਾ ਜਿਕਰ ਉਨ੍ਹਾਂ ਦੁਆਰਾ ਰਚੇ ਸਾਹਿਤ ‘ਚ ਵਾਰ-ਵਾਰ ਹੁੰਦਾ ਹੈ। ਉਨ੍ਹਾਂ ਨੇ ਸਮਕਾਲ ਤੇ ਯਥਾਰਥ ਨੂੰ ਪੂਰੀ ਪ੍ਰਤੀਬੱਧਤਾ ਨਾਲ ਪੇਸ਼ ਕੀਤਾ। ਸਾਰੇ ਮਹਿਮਾਨਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਜਿਲ੍ਹਾ ਭਾਸ਼ਾ ਅਫਸਰ ਚੰਦਨਦੀਪ ਕੌਰ ਨੇ ਆਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਹਾਇਕ ਨਿਰਦੇਸ਼ਕ ਤੇਜਿੰਦਰ ਸਿੰਘ ਗਿੱਲ ਨੇ ਕੀਤਾ।

ਇਸ ਮੌਕੇ ਪ੍ਰੋ. ਬਲਵਿੰਦਰਜੀਤ ਕੌਰ ਭੱਟੀ, ਸਾਹਿਤਕਾਰ ਧਰਮ ਕੰਮੇਆਣਾ, ਡਾ. ਜੋਗਾ ਸਿੰਘ, ਦਰਸ਼ਨ ਬੁੱਟਰ, ਸੁਖਵਿੰਦਰ ਸੇਖੋਂ, ਅਵਤਾਰਜੀਤ ਅਟਵਾਲ, ਕੁਲਵੰਤ ਸਿੰਘ ਨਾਰੀਕੇ, ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ, ਸਹਾਇਕ ਨਿਰਦੇਸ਼ਕਾ ਹਰਭਜਨ ਕੌਰ, ਸਤਨਾਮ ਸਿੰਘ, ਅਸ਼ਰਫ ਮਹਿਮੂਦ ਨੰਦਨ, ਪਰਵੀਨ ਕੁਮਾਰ, ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਸੁਰਿੰਦਰ ਕੌਰ ਤੇ ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀ ਹਾਜ਼ਰ ਸਨ।

 

 

Scroll to Top