TheUnmute.com

ਕਿਰਤੀ ਕਿਸਾਨ ਫੋਰਮ ਵਲੋਂ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਖੁਰਾਕ ਮਾਹਰ ਸਨਮਾਨਿਤ

ਪਟਿਆਲਾ, 20 ਫਰਵਰੀ 2023: ਕਿਰਤੀ ਕਿਸਾਨ ਫੋਰਮ ਅਤੇ ਦੀ ਪਟਿਆਲਾ ਵੈਲਫੇਅਰ ਸੋਸਾਇਟੀ (Patiala Welfare Society) ਦੇ ਸਮੂਹਿਕ ਯਤਨਾਂ ਨਾਲ ਹਰਪਾਲ ਟਿਵਾਣਾ ਆਡੋਟੋਰੀਅਮ ਵਿਚ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਦਵਿੰਦਰ ਸ਼ਰਮਾ, ਅਮਰੀਕਨ ਵਿਗਿਆਨੀ ਡਾ. ਬੇਦਬਰਾਤਾ ਪੇਨ ਅਤੇ ਸਵ:ਪ੍ਰੀਤਮ ਸਿੰਘ ਕੁਮੇਦਾਨ ਦੇ ਪਰਿਵਾਰ ਨੂੰ ਓਨਾਂ ਦੀਆਂ ਪੰਜਾਬ,ਕਿਸਾਨੀ ਅਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਕੀਤੇ ਸੁਹਿਰਦ ਸੇਵਾਵਾਂ ਬਦਲੇ ਦੋਸ਼ਾਲੇ ਅਤੇ ਮਾਣ- ਪਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਫੋਰਮ ਦੇ ਮੁਖੀ ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਅਤੇ ਪਦਮਸ੍ਰੀ ਆਰ ਆਈ ਸਿੰਘ ਵਲੋਂ ਕਿਸਾਨੀ ਨੂੰ ਦਰਪੇਸ਼ ਸਮਸਿਆਵਾਂ ਦਾ ਜ਼ਿਕਰ ਕਰਦੇ ਹੋਏ ਦਸਿਆ ਕਿ ਭਾਵੇ ਨਵੰਬਰ 2020 ਵਿਚ ਕਿਰਤੀ ਕਿਸਾਨ ਫੋਰਮ ਦਾ ਗਠਨ ਓਸ ਵਕਤ ਖੇਤੀ ਕਨੂੰਨਾਂ ਦੇ ਵਿਰੋਧ ਵਿਚ ਚਲਾਏ ਅੰਦੋਲਨ ਦੀ ਸ਼ਾਤੀ ਪਰਵਕ ਢੰਗ ਨਾਲ ਮਦਤ ਕਰਨਾ ਸੀ ਪਰ ਖੇਤੀ ਅਤੇ ਕਿਸਾਨੀ ਦੀ ਮਾੜੀ ਹਾਲਤ ਨਾਲ ਜੁੜੇ ਅਹਿਮ ਸਰੋਕਾਰਾਂ ਦੇ ਸਮਾਧਾਨ ਲਈ ਫੋਰਮ ਨੂੰ ਸਰਗਰਮ ਰਖਿਆ ਗਿਆ ਹੈ।ਓਨਾਂ ਆਪਣੇ ਗੰਭੀਰ ਭਾਸ਼ਣ ਵਿਚ ਡਾ. ਬੇਦਬਰਾਤਾ ਪੇਨ ਵਲੋਂ ਅਮਰੀਕਨ ਕਿਸਾਨਾਂ ਦੀ ਕਾਰਪੋਰੇਟਾਂ ਵਲੋਂ ਪਿਛਲੇ ਪੰਜਾਹ ਸਾਲਾਂ ਦੌਰਾਨ ਛੋਟੇ ਕਿਸਾਨਾਂ ਦੀ ਕੀਤੀ ਬੇਹੁਰਮਤੀ ਅਤੇ ਬਰਬਾਦੀ ਤੇ ਬਣਾਈ ਦਸਤਾਵੇਜੀ ਫਿਲਮ ਦੀ ਭਰਪੂਰ ਪ੍ਰਸੰਸਾ ਕੀਤੀ।

ਖੁਦ ਡਾ ਬੇਦਬਰਾਤਾ ਪੇਨ ਵਲੋਂ ਫਿਲਮ ਵੇਖਣ ਤੋਂ ਬਾਅਦ ਹਾਜਰ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਦਿੰਦਿਆ ਦਸਿਆ ਕਿ ਜਦ ਅਮਰੀਕਨ ਖੇਤੀ ਬਾੜੀ ਨੂੰ ਓਸ ਵਕਤ ਦੀ ਸਰਕਾਰ ਵਲੋਂ ਕਾਰਪੋਰੇਟਾਂ ਲਈ ਖੋਲਿਆ ਗਿਆ ਸੀ ,ਕਿਸਾਨਾਂ ਨੂੰ ਆਰਥਿਕ ਤਰਕੀ ਦੇ ਸਰਸਬਜਬਾਗ ਅਤੇ ਸੁਪਨੇ ਵਿਖਾਏ ਗਏ ਸਨ ਪਰ ਪਿਛਲੇ 50 ਸਾਲਾਂ ਵਿਚ ਅਮਰੀਕਨ ਕਿਸਾਨਾਂ ਦੀ ਆਤਮ ਹੱਤਿਆਵਾਂ ਦੀ ਦਰ ਦੁਗਣੀ ਹੋਈ ਹੈ ਅਤੇ ਓਨਾਂ ਨੂੰ ਮਜਬੂਰਨ ਆਪਣੇ ਫਾਰਮ ਛੱਡ ਕੇ ਸ਼ਹਿਰਾਂ ਨੂੰ ਭੱਜਣਾ ਪਿਆ।ਓਨਾਂ ਭਾਰਤੀ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਾਰਪੋਰੇਟ ਪ੍ਰਭਾਵਿਤ ਖੇਤੀ ਛੋਟੇ ਕਿਸਾਨਾਂ ਦੀ ਬਰਬਾਦੀ ਦਾ ਮੁੱਖ ਕਾਰਣ ਬਣੇਗੀ।

ਦਵਿੰਦਰ ਸ਼ਰਮਾ ਖੇਤੀ ਮਾਹਰ ਨੂੰ ਕਿਸਾਨ ਅੰਦੋਲਨ ਅਤੇ ਖੇਤੀ ਮਸਲਿਆਂ ਤੇ ਕੀਤੀ ਜਾ ਰਹੀ ਵਿਸ਼ੇਸ ਖੋਜ ਅਤੇ ਟਿਪਣੀਆਂ ਲਈ ਸਨਮਾਨਿਤ ਕੀਤਾ ਗਿਆ। ਆਪਣੀ ਸੰਖੇਪ ਤਕਰੀਰ ਵਿਚ ਓਨਾ ਕਿਹਾ ਕਿ ਕਿਸਾਨਾਂ ਨੂੰ ਸਾਰੀਆਂ 23 ਫਸਲਾਂ ਦੀ ਐਮ ਐਸ ਪੀ ਲਾਗੂ ਕਰਾਓਣ ਲਈ ਹੰਭਲਾ ਮਾਰਨਾ ਚਾਹੀਦਾ ਹੈ।ਓਨਾਂ ਕਿਹਾ ਕਿ ਕਾਰਪੋਰੇਟਾਂ ਤੋਂ ਖੇਤੀ ਬਚਾਓਣ ਨਾਲ ਕੇਵਲ ਕਿਸਾਨ ਹੀ ਨਹੀਂ ਬਚਣਗੇ ਸਗੋਂ ਸਧਾਰਣ ਉਪਭੋਗੀ ਵੀ ਸੁਰੱਖਿਅਤ ਰਹੇਗਾ।

ਕਾਰਪੋਰੇਟਾਂ ਹਥ ਖੇਤੀ ਆਓਣ ‘ਤੇ ਕਰੋੜਾਂ ਭਾਰਤੀ ਗਰੀਬ ਪਰਿਵਾਰ ਦਾ ਜਿਓਣਾ ਹੋਰ ਵੀ ਦੁਭਰ ਹੋ ਜਾਵੇਗਾ। ਸਵਰਗੀ ਪ੍ਰੀਤਮ ਸਿੰਘ ਕੁਮੇਦਾਨ ਵਲੋਂ ਜੀਵਨ ਭਰ ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਭਾਸ਼ਾ ਇਲਾਕਿਆਂ ਨੂੰ ਬਚਾਓਣ ਲਈ ਕੀਤੀਆਂ ਸੇਵਾਵਾਂ ਬਦਲੇ ਓਨਾਂ ਦੇ ਪੁਤਰ ਵਿਸ਼ਵ ਪ੍ਰਤਾਪ ਨੂੰ ਦੋਸ਼ਾਲਾ ਅਤੇ ਮਾਣ ਪਤਰ ਦੇ ਕੇ ਸਨਮਾਨਿਤ ਕੀਤਾ ਗਿਆ। ਫੋਰਮ ਵਲੋਂ ਖੇਤੀਬਾੜੀ ਨਾਲ ਸਬੰਧਤ ਦੋ ਸੌ ਕਿਤਾਬਾਂ ਹਾਜਰ ਕਿਸਾਨਾਂ ਨੂੰ ਵੰਡ ਕੇ ਖੁਸ਼ਹਾਲ ਭਵਿਖ ਦਾ ਰਸਤਾ ਵਿਖਾਓਣ ਦਾ ਯਤਨ ਕੀਤਾ ਗਿਆ।

ਫੋਰਮ ਵਲੋਂ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਇਸ ਉਦਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਸਮੂਹ ਹਾਜ਼ਰੀਨ ਅਤੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਰਣਬੀਰ ਸਿੰਘ ਖਟੜਾ ਸਾਬਕਾ ਆਈ ਜੀ ਵਲੋਂ ਕਿਸਾਨੀ ਮੁੱਦਿਆਂ ਅਤੇ ਖੇਤੀ ਸਰੋਕਾਰਾਂ ਦੇ ਸਮਾਧਾਨ ਲਈ ਇਸ ਤਰਾਂ ਦੀਆਂ ਹੋਰ ਗੋਸ਼ਟੀਆਂ ਅਯੋਜਿਤ ਕਰਨ ਦਾ ਵਾਅਦਾ ਕੀਤਾ ਗਿਆ। ਫੋਰਮ ਵਲੋਂ ਸੋਸਾਇਟੀ ਦੇ ਚੇਅਰਮੈਨ ਸਤਬੀਰ ਸਿੰਘ ਖਟੜਾ ਦਾ ਵਿਸੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨਾਮੀ ਪੱਤਰਕਾਰ ਤੇਜਿੰਦਰ ਸਿੰਘ ਫ਼ਤਿਹਪੁਰ ਵਲੋਂ ਨਿਭਾਈ ਗਈ |

ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ

ਇਸ ਸਮਾਗਮ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਕੁਲਬੀਰ ਸਿੰਘ ਸਿਧੂ,ਇਕਬਾਲ ਸਿੰਘ ਸਿਧੂ,ਜੀ ਕੇ ਸਿੰਘ ਧਾਲੀਵਾਲ, ਹਰਕੇਸ਼ ਸਿੰਘ ਸਿਧੂ ,ਸਰਬਜੀਤ ਸਿੰਘ ਧਾਲੀਵਾਲ, ਅਮਰ ਸਿੰਘ ਚਾਹਲ, ਕਰਨਲ ਐਮ. ਐਸ. ਗੁਰੋਂ,ਕਰਨਲ ਜੇ ਐਸ ਗਿਲ,ਹਰਬੰਸ ਕੌਰ ਬਾਹੀਆ ਅਤੇ ਪਟਿਆਲੇ ਸ਼ਹਿਰ ਦੇ ਵਿਦਵਾਨ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਿਤੈਸ਼ੀ ਸ਼ਾਮਲ ਹੋਏ।

Exit mobile version