ਚੰਡੀਗੜ੍ਹ 17 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup 2022) ਦੇ 16ਵੇਂ ਮੈਚ ‘ਚ ਦੱਖਣੀ ਅਫਰੀਕਾ (South Africa) ਨੇ ਨਿਊਜ਼ੀਲੈਂਡ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਸੇਡਨ ਪਾਰਕ, ਹੈਮਿਲਟਨ ‘ਚ ਖੇਡੇ ਗਏ ਇਸ ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 228 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ ਨੇ 49.3 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਆਖ਼ਰੀ ਓਵਰ ਵਿੱਚ ਅਫ਼ਰੀਕੀ ਟੀਮ ਨੂੰ ਛੇ ਦੌੜਾਂ ਦੀ ਲੋੜ ਸੀ, ਜੋ ਉਸ ਨੇ ਤਿੰਨ ਗੇਂਦਾਂ ‘ਚ ਹਾਸਲ ਕਰ ਲਈ।
ਇਸ ਵਿਸ਼ਵ ਕੱਪ ‘ਚ ਦੱਖਣੀ ਅਫ਼ਰੀਕਾ ਦੀ ਟੀਮ ਦੀ ਇਹ ਲਗਾਤਾਰ ਚੌਥੀ ਜਿੱਤ ਸੀ। ਉਸ ਨੇ ਹੁਣ ਤੱਕ ਸਿਰਫ ਚਾਰ ਮੈਚ ਖੇਡੇ ਹਨ। ਅੱਠ ਅੰਕਾਂ ਨਾਲ ਅਫਰੀਕੀ ਟੀਮ ਆਸਟ੍ਰੇਲੀਆ ਤੋਂ ਬਾਅਦ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ (New Zealand) ਦੀ ਟੀਮ ਪੰਜ ਮੈਚਾਂ ‘ਚ ਦੋ ਜਿੱਤਾਂ ਤੇ ਤਿੰਨ ਹਾਰਾਂ ਨਾਲ ਚੌਥੇ ਸਥਾਨ ‘ਤੇ ਹੈ। ਭਾਰਤ ਚਾਰ ਅੰਕਾਂ ਨਾਲ ਬਿਹਤਰ ਨੈੱਟ ਰਨ ਰੇਟ ਨਾਲ ਤੀਜੇ ਸਥਾਨ ‘ਤੇ ਵੀ ਹੈ।