July 5, 2024 8:47 pm
Kanchan Jariwala

ਕਿਸੇ ਦਬਾਅ ਹੇਠ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਨਾਮਜ਼ਦਗੀ ਵਾਪਸ ਲਈ: ਕੰਚਨ ਜਰੀਵਾਲਾ

ਚੰਡੀਗੜ੍ਹ 16 ਨਵੰਬਰ 2022: ਆਮ ਆਦਮੀ ਪਾਰਟੀ ਦੀ ਸੂਰਤ (ਪੂਰਬੀ) ਤੋਂ ਉਮੀਦਵਾਰ ਕੰਚਨ ਜਰੀਵਾਲਾ (Kanchan Jariwala) ਨੇ ਬੁੱਧਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਉਨ੍ਹਾਂ ਇਹ ਵੀ ਬਿਆਨ ਜਾਰੀ ਕੀਤਾ ਕਿ ਉਨ੍ਹਾਂ ਕਿਸੇ ਦਬਾਅ ਹੇਠ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਨਾਮਜ਼ਦਗੀ ਵਾਪਸ ਲਈ ਹੈ। ਇਸ ਤੋਂ ਪਹਿਲਾਂ ‘ਆਪ’ ਨੇ ਭਾਜਪਾ ‘ਤੇ ਜਰੀਵਾਲਾ ਨੂੰ ਅਗਵਾ ਕਰਨ ਅਤੇ ਨਾਮਜ਼ਦਗੀ ਵਾਪਸ ਲੈਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ।

ਇਸ ਦੇ ਨਾਲ ਹੀ ਜਰੀਵਾਲਾ ਨੇ ਆਪਣੀ ਹੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੇਰੇ ਨਾਲ ਕੋਈ ਪਰਿਵਾਰਕ ਮਾਮਲਾ ਹੋਇਆ ਹੈ। ਇਸ ਲਈ ਮੈਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਭਾਜਪਾ ਨੇ ਮੇਰੇ ‘ਤੇ ਕੋਈ ਦਬਾਅ ਨਹੀਂ ਪਾਇਆ ਅਤੇ ਨਾ ਹੀ ਮੈਂ ਕਿਸੇ ਦਬਾਅ ਹੇਠ ਨਾਮਜ਼ਦਗੀ ਵਾਪਸ ਲਈ। ਮੈਂ ਆਮ ਆਦਮੀ ਪਾਰਟੀ ਵਿੱਚ ਹਾਂ ਜਾਂ ਨਹੀਂ ਇਸ ਬਾਰੇ ਮੈਂ ਜਲਦੀ ਹੀ ਆਪਣਾ ਸਟੈਂਡ ਸਪੱਸ਼ਟ ਕਰਾਂਗਾ।

ਕੰਚਨ ਜਰੀਵਾਲਾ (Kanchan Jariwala) ਨੇ ਅੱਗੇ ਕਿਹਾ ਕਿ ਮੇਰੇ ਪ੍ਰਚਾਰ ਦੌਰਾਨ ਲੋਕ ਮੈਨੂੰ ਪੁੱਛਦੇ ਸਨ ਕਿ ਮੈਂ ਦੇਸ਼ ਵਿਰੋਧੀ ਅਤੇ ਗੁਜਰਾਤ ਵਿਰੋਧੀ ਪਾਰਟੀ ਦਾ ਉਮੀਦਵਾਰ ਕਿਉਂ ਬਣਿਆ? ਉਸ ਤੋਂ ਬਾਅਦ ਮੈਂ ਆਪਣੀ ਜ਼ਮੀਰ ਦੀ ਪਾਲਣਾ ਕੀਤੀ ਅਤੇ ਮੈਂ ਬਿਨਾਂ ਕਿਸੇ ਦਬਾਅ ਦੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ। ਮੈਂ ਅਜਿਹੀ ਪਾਰਟੀ ਦਾ ਸਮਰਥਨ ਨਹੀਂ ਕਰ ਸਕਦਾ ਜੋ ਗੁਜਰਾਤ ਵਿਰੋਧੀ ਅਤੇ ਦੇਸ਼ ਵਿਰੋਧੀ ਹੈ।

ਇਸ ਤੋਂ ਪਹਿਲਾਂ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਧਰਨੇ ‘ਤੇ ਬੈਠੇ ਹੋਏ ਦੋਸ਼ ਲਾਇਆ ਸੀ ਕਿ ਭਾਜਪਾ ਨੇ ਸੂਰਤ (ਪੂਰਬੀ) ਤੋਂ ਸਾਡੇ ਉਮੀਦਵਾਰ ਕੰਚਨ ਜਰੀਵਾਲਾ ਨੂੰ ਅਗਵਾ ਕਰ ਲਿਆ ਹੈ। ਸਿਸੋਦੀਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਖਰੀ ਵਾਰ ਕੱਲ੍ਹ ਆਰਓ ਦਫ਼ਤਰ ਵਿੱਚ ਦੇਖਿਆ ਗਿਆ ਸੀ।

ਸਿਸੋਦੀਆ ਨੇ ਕਿਹਾ, 500 ਤੋਂ ਵੱਧ ਪੁਲਿਸ ਮੁਲਾਜ਼ਮ ਕੰਚਨ ਜਰੀਵਾਲਾ ਨੂੰ ਜ਼ਬਰਦਸਤੀ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਲੈ ਗਏ ਅਤੇ ਬੰਦੂਕ ਦੀ ਨੋਕ ‘ਤੇ ਉਸ ਦੀ ਨਾਮਜ਼ਦਗੀ ਵਾਪਸ ਲੈ ਲਈ। ਸਿਸੋਦੀਆ ਨੇ ਕਿਹਾ, ਜੋ ਵੀ ਹੋ ਰਿਹਾ ਹੈ, ਉਹ ਚੋਣ ਕਮਿਸ਼ਨ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ, ਮੈਂ ਚੋਣ ਕਮਿਸ਼ਨਰ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਮਨੀਸ਼ ਸਿਸੋਦੀਆ ਦੀ ਅਗਵਾਈ ‘ਚ ‘ਆਪ’ ਦੇ 4 ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ।