ਚੰਡੀਗੜ੍ਹ, 18 ਫਰਵਰੀ 2025: New Chief Election Commissioner of India: ਦੇਸ਼ ਦੇ ਅਗਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ (Gyanesh Kumar) ਹੋਣਗੇ। ਗਿਆਨੇਸ਼ ਕੁਮਾਰ ਮੌਜੂਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਥਾਂ ਲੈਣਗੇ। ਰਾਜੀਵ ਕੁਮਾਰ ਮੰਗਲਵਾਰ ਯਾਨੀ 18 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ, ਕਾਨੂੰਨ ਮੰਤਰਾਲੇ ਨੇ ਨਵੇਂ ਚੋਣ ਕਮਿਸ਼ਨਰ ਦੇ ਨਾਮ ਦਾ ਐਲਾਨ ਕਰਦੇ ਹੋਏ ਇੱਕ ਨੋਟਿਸ ਜਾਰੀ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਸੋਮਵਾਰ ਨੂੰ ਨਵੇਂ ਸੀਈਸੀ ਦੇ ਨਾਮ ਨੂੰ ਅੰਤਿਮ ਰੂਪ ਦੇਣ ਲਈ ਇੱਕ ਬੈਠਕ ਕੀਤੀ ਸੀ। ਕੇਰਲ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਗਿਆਨੇਸ਼ ਕੁਮਾਰ ਹੁਣ ਤੱਕ ਚੋਣ ਕਮਿਸ਼ਨਰ ਵਜੋਂ ਜ਼ਿੰਮੇਵਾਰੀ ਦੇਖ ਰਹੇ ਸਨ।
ਉਹ (Gyanesh Kumar) ਪਹਿਲਾਂ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਸਨ ਅਤੇ 31 ਜਨਵਰੀ 2024 ਨੂੰ ਸੇਵਾਮੁਕਤ ਹੋਏ। ਗਿਆਨੇਸ਼ ਕੁਮਾਰ ਧਾਰਾ 370 ਨੂੰ ਹਟਾਉਣ ਵਰਗੇ ਮਹੱਤਵਪੂਰਨ ਫੈਸਲਿਆਂ ‘ਚ ਸ਼ਾਮਲ ਰਹੇ ਹਨ। ਉਹ ਗ੍ਰਹਿ ਮੰਤਰਾਲੇ ਅਤੇ ਸੰਸਦੀ ਮਾਮਲਿਆਂ ਦੇ ਮੰਤਰਾਲੇ ‘ਚ ਵੀ ਸੇਵਾ ਨਿਭਾ ਚੁੱਕੇ ਹਨ। ਗਿਆਨੇਸ਼ ਕੁਮਾਰ ਦਾ ਇੱਕ ਲੰਮਾ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਕੀ ਕਰੀਅਰ ਰਿਹਾ ਹੈ।
ਧਾਰਾ 370 ਨੂੰ ਹਟਾਉਣ ਦੌਰਾਨ ਗਿਆਨੇਸ਼ ਕੁਮਾਰ ਦੀ ਮਹੱਤਵਪੂਰਨ ਭੂਮਿਕਾ
ਧਾਰਾ 370 ਨੂੰ ਹਟਾਉਣ ਦੌਰਾਨ ਗਿਆਨੇਸ਼ ਕੁਮਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਅਗਸਤ 2019 ਵਿੱਚ, ਉਹ ਗ੍ਰਹਿ ਮੰਤਰਾਲੇ ਵਿੱਚ ਕਸ਼ਮੀਰ ਡਿਵੀਜ਼ਨ ਦੇ ਸੰਯੁਕਤ ਸਕੱਤਰ ਸਨ। ਇਸ ਸਮੇਂ ਦੌਰਾਨ ਉਸਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਕੰਮ ਕੀਤਾ। ਇਸ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰਨ ‘ਚ ਉਨ੍ਹਾਂ ਦੇ ਯੋਗਦਾਨ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਸਾਲ 2020 ‘ਚ, ਗਿਆਨੇਸ਼ ਕੁਮਾਰ ਨੂੰ ਗ੍ਰਹਿ ਮੰਤਰਾਲੇ ‘ਚ ਵਧੀਕ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਨੂੰ ਅਯੁੱਧਿਆ ਮਾਮਲੇ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ‘ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਗਠਨ ਵੀ ਸ਼ਾਮਲ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਾਰਾ ਕੰਮ ਉਨ੍ਹਾਂ ਦੀ ਨਿਗਰਾਨੀ ਹੇਠ ਹੋਇਆ। ਇਹ ਇੱਕ ਹੋਰ ਮਹੱਤਵਪੂਰਨ ਭੂਮਿਕਾ ਸੀ ਜੋ ਉਸਨੇ ਸਫਲਤਾਪੂਰਵਕ ਨਿਭਾਈ।
ਜਿਕਰਯੋਗ ਹੈ ਕਿ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਚੋਣ ਕਮੇਟੀ ਦੀ ਮੀਟਿੰਗ ਹੋਈ। ਇਹ ਮੀਟਿੰਗ ਸਾਊਥ ਬਲਾਕ ਸਥਿਤ ਪ੍ਰਧਾਨ ਮੰਤਰੀ ਦਫ਼ਤਰ ‘ਚ ਹੋਈ। ਚੋਣ ਕਮੇਟੀ ਦੀ ਮੀਟਿੰਗ ‘ਚ ਪ੍ਰਧਾਨ ਮੰਤਰੀ ਮੋਦੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਦੁਆਰਾ ਨਾਮਜ਼ਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਏ।
Read More: ਨਵੇਂ ਮੁੱਖ ਚੋਣ ਕਮਿਸ਼ਨਰ ਦੀ ਚੋਣ ਲਈ ਬੁਲਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਮੀਟਿੰਗ, ਜਾਣੋ ਕਦੋਂ ਹੋਵੇਗੀ ਬੈਠਕ