ਚੰਡੀਗੜ੍ਹ 14 ਮਾਰਚ 2024: ਚੰਡੀਗੜ੍ਹ ‘ਚ ਮੁਫ਼ਤ ਪਾਣੀ ਦੇ ਮੁੱਦੇ ‘ਤੇ ਬੋਲਦਿਆਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਕਿਹਾ ਕਿ ਇੱਥੇ 150 ਕਰੋੜ ਰੁਪਏ ਦੇ ਪਾਣੀ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਆਵੇਗਾ, ਜਿਸ ਕਾਰਨ ਹਾਲਤ ਹੋਰ ਵਿਗੜ ਜਾਵੇਗੀ। ਰਾਜਪਾਲ ਨੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੈਂ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਤਾਂ ਮੈਂ ਇਸ ਵਿਚ ਕੁਝ ਗਲਤ ਤਾਂ ਨਹੀਂ ਕਿਹਾ ਕਿ ਜੇਕਰ ਤੁਸੀਂ ਨਿਯਮਾਂ ਅਨੁਸਾਰ ਕੰਮ ਕਰੋਗੇ ਤਾਂ ਮੈਂ ਤੁਹਾਡਾ ਸਮਰਥਨ ਕਰਾਂਗਾ ਨਹੀਂ ਤਾਂ ਮੈਂ ਅਜਿਹਾ ਨਹੀਂ ਹੋਣ ਦਿਆਂਗਾ।
ਰਾਜਪਾਲ (Banwari Lal Purohit) ਨੇ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਘਾਟੇ ‘ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਐਲਾਨ ਕਰਨਾ ਵੀ ਹੈ ਤਾਂ ਪਹਿਲਾਂ ਇਸ ਨੂੰ ਸੋਚ-ਵਿਚਾਰ ਲਓ ਅਤੇ ਮੇਰੇ ਤੋਂ ਮਨਜ਼ੂਰੀ ਲਓ ਪਰ ਅਜਿਹਾ ਕੁੱਝ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਕਿ ਮੁਫ਼ਤ ਪਾਣੀ ਦੇ ਲਈ ਇੰਨਾ ਪੈਸਾ ਉਨ੍ਹਾਂ ਕੋਲ ਕਿੱਥੋਂ ਆਵੇਗਾ। ਰਾਜਪਾਲ ਨੇ ਕਿਹਾ ਕਿ ਕੋਈ ਮੁਫ਼ਤ ‘ਚ ਪਾਣੀ ਮੰਗ ਵੀ ਨਹੀਂ ਰਿਹਾ ਅਤੇ ਮੇਅਰ ਦੱਸਣ ਕਿ ਕਿੱਥੇ ਅੰਦੋਲਨ ਹੋਇਆ ਹੈ ਕਿ ਸਾਨੂੰ ਮੁਫ਼ਤ ਪਾਣੀ ਚਾਹੀਦਾ ਹੈ।
ਪੰਜਾਬ ਰਾਜਪਾਲ ਨੇ ਕਿਹਾ ਕਿ ਹਰ ਗੱਲ ਲਈ ਨਿਯਮ ਹਨ, ਸਿਸਟਮ ਹੈ, ਜਿਸ ਨੂੰ ਧਿਆਨ ‘ਚ ਰੱਖ ਕੇ ਹੀ ਹਰ ਕੰਮ ਕੀਤਾ ਜਾਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਨਗਰ ਨਿਗਮ ਦੀ ਹੋਈ ਬੈਠਕ ਦੌਰਾਨ ਸ਼ਹਿਰ ਵਾਸੀਆਂ ਨੂੰ 20 ਹਜ਼ਾਰ ਲਿਟਰ ਪਾਣੀ ਮੁਫ਼ਤ ਦੇਣ ਦਾ ਏਜੰਡਾ ਪਾਸ ਕੀਤਾ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਹੀ ਰਾਜਪਾਲ ਨੇ ਸਵਾਲ ਚੁੱਕੇ ਹਨ।