ਚੰਡੀਗੜ੍ਹ 09 ਸਤੰਬਰ 2022: ਪੂਰਬੀ ਲੱਦਾਖ (Ladakh) ਖੇਤਰ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੀਨ ਨਾਲ ਭਾਰਤ ਦੇ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ । ਭਾਰਤ ਤੋਂ ਬਾਅਦ ਹੁਣ ਚੀਨੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਲੱਦਾਖ ਦੇ ਗੋਗਰਾ-ਹਾਟਸਪ੍ਰਿੰਗਜ਼ ਖੇਤਰ ਦੇ ਪੈਟਰੋਲਿੰਗ ਪੁਆਇੰਟ 15 ਤੋਂ ਫੌਜ ਨੂੰ ਹਟਾ ਦਿੱਤਾ ਜਾਵੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਗੋਗਰਾ-ਹਾਟ ਸਪ੍ਰਿੰਗਜ਼ ‘ਤੇ 8 ਸਤੰਬਰ ਤੋਂ ਦੋਵਾਂ ਫੌਜਾਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 12 ਸਤੰਬਰ ਤੱਕ ਦੋਵੇਂ ਫ਼ੌਜਾਂ ਇਸ ਥਾਂ ਨੂੰ ਖਾਲੀ ਕਰਵਾ ਲੈਣਗੀਆਂ। ਦੋਹਾਂ ਧਿਰਾਂ ਵਿਚਾਲੇ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਪੂਰੇ ਖੇਤਰ ‘ਚ ਪੜਾਅਵਾਰ ਫੌਜਾਂ ਨੂੰ ਹਟਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੇ ਖੇਤਰ ‘ਚ ਵਾਪਸ ਬੁਲਾਇਆ ਜਾਵੇਗਾ।
ਚੀਨੀ ਫੌਜ ਨੇ ਕਿਹਾ ਹੈ ਕਿ ਗੋਗਰਾ-ਹਾਟਸਪ੍ਰਿੰਗਜ਼ ਪੀਪੀ-15 (Gogra-Hotsprings PP-15) ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਯੋਜਨਾਬੱਧ ਅਤੇ ਤਾਲਮੇਲ ਨਾਲ ਕੀਤਾ ਜਾਵੇਗਾ। ਜੁਲਾਈ ਵਿੱਚ ਹੋਈ ਚੀਨ-ਭਾਰਤ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ 16ਵੇਂ ਦੌਰ ਵਿੱਚ ਹੋਈ ਸਹਿਮਤੀ ਦੇ ਅਨੁਸਾਰ, ਚੀਨੀ ਅਤੇ ਭਾਰਤੀ ਸੈਨਿਕਾਂ ਨੇ 8 ਸਤੰਬਰ ਤੋਂ ਜਿਯਾਨ ਡਾਬਨ ਖੇਤਰ ਤੋਂ ਇੱਕ ਤਾਲਮੇਲ ਅਤੇ ਯੋਜਨਾਬੱਧ ਵਾਪਸੀ ਸ਼ੁਰੂ ਕਰ ਦਿੱਤੀ ਹੈ।