July 2, 2024 9:15 pm
ਮਸਤੂਆਣਾ ਸਾਹਿਬ

ਮੈਡੀਕਲ ਕਾਲਜ ਦੀ ਉਸਾਰੀ ਰੁਕਣ ‘ਤੇ ਪਿੰਡਾਂ ਵਾਸੀਆਂ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਦਫ਼ਤਰ ਦੇ ਬਾਹਰ ਲਾਇਆ ਪੱਕਾ ਮੋਰਚਾ

ਸੰਗਰੂਰ 18 ਨਵੰਬਰ 2022: ਸੰਗਰੂਰ ’ਚ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੀ ਉਸਾਰੀ ਨੂੰ ਲੈ ਕੇ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਅਕਾਲ ਕੌਂਸਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਵਿੱਚ ਅੜਿੱਕਾ ਪਾਉਣ ਵਾਲਿਆਂ ਖ਼ਿਲਾਫ ਅੱਜ ਇਲਾਕਾ ਨਿਵਾਸੀਆਂ ਤੇ ਕਿਸਾਨਾਂ ਨੇ ਧਰਨਾ ਦਿੱਤਾ ਹੈ ।

ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਅਗਸਤ 2022 ਨੂੰ ਸੰਗਰੂਰ ਨੇੜੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਇੱਕ ਵੱਡੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਅਤੇ ਐਲਾਨ ਕੀਤਾ ਕਿ ਜਦੋਂ ਇਹ ਕਾਲਜ 31 ਮਾਰਚ 2023 ਨੂੰ ਬਣ ਕੇ ਇਲਾਕੇ ਦੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ।

ਨੀਂਹ ਪੱਥਰ ਦੇ ਪ੍ਰੋਗਰਾਮ ਤੋਂ ਬਾਅਦ ਹੀ ਕਾਲਜ ਲਈ ਦਿੱਤੀ ਗਈ ਜ਼ਮੀਨ ਲਗਾਤਾਰ ਵਿਵਾਦਾਂ ਦਾ ਕਾਰਨ ਬਣਦੀ ਜਾ ਰਹੀ ਹੈ। ਸੇਵਾਦਾਰ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਲਜ ਉਸੇ ਥਾਂ ‘ਤੇ ਬਣਾਇਆ ਜਾਵੇ, ਜਿੱਥੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਨੀਂਹ ਪੱਥਰ ਰੱਖਿਆ ਸੀ | ਉਹ ਜ਼ਮੀਨ ਗੁਰਦੁਆਰਾ ਅੰਗੀਠਾ ਸਾਹਿਬ ਦੀ ਤਰਫੋਂ ਪੰਜਾਬ ਸਰਕਾਰ ਨੂੰ ਦਾਨ ਵਿੱਚ ਦਿੱਤੀ ਗਈ ਹੈ। ਪਰ ਧਰਨਾਕਾਰੀਆਂ ਨੇ ਦੋਸ਼ ਲਾਏ ਕਿ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਢੀਂਡਸਾ ਪਰਿਵਾਰ ਕਾਲਜ ਦੀ ਉਸਾਰੀ ਵਿੱਚ ਅੜਿੱਕੇ ਖੜ੍ਹੇ ਕਰ ਰਹੇ ਹਨ।

ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਮਸਤੂਆਣਾ ਸਾਹਿਬ ਦੇ ਅਕਾਲ ਕੌਂਸਲ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਕਿਸੇ ਹੋਰ ਥਾਂ ‘ਤੇ ਜ਼ਮੀਨ ਦੇ ਦੇਵਾਂਗੇ ਅਤੇ ਉੱਥੇ ਕਾਲਜ ਬਣਾਇਆ ਜਾਵੇ, ਜਿਸ ਕਾਰਨ ਉਨ੍ਹਾਂ ਨੇ ਜ਼ਮੀਨ ‘ਤੇ ਇੱਕ ਅਦਾਲਤੀ ਕੇਸ ਵਿੱਚ ਸਟੇਅ ਲੈ ਲਿਆ ਹੈ | ਜਿਸ ਕਾਰਨ ਇਸ ਮੈਡੀਕਲ ਕਾਲਜ ਦੀ ਉਸਾਰੀ ਰੁਕੀ ਹੋਈ ਹੈ |

ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੇ ਅਕਾਲ ਕੌਂਸਲ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾ ਦਿੱਤਾ |ਮੈਡੀਕਲ ਕਾਲਜ਼ ਬਣਾਉਣ ‘ਚ ਅੜਿੱਕਾ ਪੈਦਾ ਕਰਨ ਵਾਲਿਆਂ ਖ਼ਿਲਾਫ ਧਰਨੇ ‘ਤੇ ਬੈਠੇ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲਜ ਨਹੀਂ ਬਣ ਜਾਂਦਾ, ਸਾਡਾ ਧਰਨਾ ਜਾਰੀ ਰਹੇਗਾ।