Site icon TheUnmute.com

ਪੰਜਾਬ ‘ਚ 27 ਲੱਖ ਹੈਕਟੇਅਰ ਰਕਬੇ ‘ਚ ਕਣਕ ਦੀ ਬਿਜਾਈ ਮੁਕੰਮਲ: ਗੁਰਮੀਤ ਸਿੰਘ ਖੁੱਡੀਆਂ

Gurmeet Singh Khuddian

ਚੰਡੀਗੜ੍ਹ, 19 ਨਵੰਬਰ 2024: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਨੇ ਅੱਜ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਫ਼ਸਲ ਕਟਾਈ ਤਜਰਬਿਆਂ ‘ਚ ਇਸ ਸਾਲ ਝੋਨੇ ਦੇ ਪ੍ਰਤੀ ਹੈਕਟੇਅਰ ਝਾੜ ‘ਚ 1.4 ਕੁਇੰਟਲ ਦਾ ਵਾਧਾ ਦਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਉਣੀ ਸੀਜ਼ਨ 2024 ਲਈ ਕੁੱਲ 2174 ਸੀ.ਸੀ.ਈ.ਈਜ਼ ਕਰਵਾਏ ਜਾ ਰਹੇ ਹਨ, ਇਨ੍ਹਾਂ ‘ਚੋਂ 1863 ਦੇ ਸੀ.ਸੀ.ਈ.ਈਜ਼ ਦੇ ਨਤੀਜਿਆਂ ‘ਚ 6878 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਝਾੜ ਸਾਹਮਣੇ ਆਇਆ ਹੈ, ਜਦੋਂ ਕਿ 2023 ‘ਚ ਇਹ ਅੰਕੜਾ 6740 ਕਿਲੋਗ੍ਰਾਮ ਸੀ। ਇਨ੍ਹਾਂ ਅੰਕੜਿਆਂ ‘ਚ ਝੋਨੇ ਦੀਆਂ ਗੈਰ-ਬਾਸਮਤੀ ਅਤੇ ਬਾਸਮਤੀ ਦੋਵੇਂ ਕਿਸਮਾਂ ਸ਼ਾਮਲ ਹਨ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ‘ਚ ਹੁਣ ਤੱਕ 97 ਫੀਸਦੀ ਝੋਨੇ ਦੀ ਕਟਾਈ ਪੂਰੀ ਹੋ ਚੁੱਕੀ ਹੈ।

ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਨੇ ਪੰਜਾਬ ‘ਚ ਚੱਲ ਰਹੀ ਕਣਕ ਦੀ ਬਿਜਾਈ ਬਾਰੇ ਦੱਸਿਆ ਕਿ 35 ਲੱਖ ਹੈਕਟੇਅਰ ਦੇ ਮਿੱਥੇ ਟੀਚੇ ‘ਚੋਂ ਹੁਣ ਤੱਕ 27 ਲੱਖ ਹੈਕਟੇਅਰ ਰਕਬੇ ‘ਚ ਬਿਜਾਈ ਹੋ ਚੁੱਕੀ ਹੈ, ਜਿਸ ਕਾਰਨ 77 ਫੀਸਦੀ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਾਈ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਬਾਕੀ ਰਹਿੰਦੇ ਰਕਬੇ ‘ਚ ਵੀ ਇਸ ਮਹੀਨੇ ਦੇ ਅੰਤ ਤੱਕ ਬਿਜਾਈ ਮੁਕੰਮਲ ਹੋਣ ਦੀ ਉਮੀਦ ਹੈ।

ਖਾਦ ਦੀ ਮੌਜੂਦਾ ਸਥਿਤੀ ਬਾਰੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ‘ਚ ਹਾੜੀ ਦੇ ਸੀਜ਼ਨ 2024-25 ਲਈ ਮੌਜੂਦਾ ਸਮੇਂ ਵਿੱਚ ਕੁੱਲ 4.20 ਲੱਖ ਮੀਟ੍ਰਿਕ ਟਨ ਡਾਇਮੋਨੀਅਮ ਫਾਸਫੇਟ (ਡੀਏਪੀ) ਅਤੇ 0.55 ਲੱਖ ਮੀਟ੍ਰਿਕ ਟਨ ਹੋਰ ਫਾਸਫੇਟਿਕ ਖਾਦ ਉਪਲਬੱਧ ਹੈ, ਜੋ DAP ਦਾ ਬਦਲ ਹੈ। ਇਸ ਸੀਜ਼ਨ ਲਈ ਕੁੱਲ 4.82 ਲੱਖ ਮੀਟ੍ਰਿਕ ਟਨ ਡੀਏਪੀ ਦੀ ਲੋੜ ਹੈ।

ਪੰਜਾਬ ‘ਚ ਲਗਭਗ 99 ਪ੍ਰਤੀਸ਼ਤ ਡੀਏਪੀ ਅਤੇ ਹੋਰ ਫਾਸਫੇਟਿਕ ਖਾਦਾਂ ਉਪਲਬੱਧ ਹਨ, ਜੋ ਇਹ ਯਕੀਨੀ ਬਣਾਉਂਦੀਆਂ ਹਨ ਕਿ ਸਾਡੇ ਕਿਸਾਨਾਂ ਕੋਲ ਫਸਲਾਂ ਦੇ ਵੱਧ ਉਤਪਾਦਨ ਲਈ ਲੋੜੀਂਦੇ ਸਰੋਤ ਹਨ। ਪੰਜਾਬ ਨੇ ਅਗਲੇ 3-4 ਦਿਨਾਂ ‘ਚ 10,000 ਮੀਟਰਕ ਟਨ ਹੋਰ ਡੀਏਪੀ ਭੇਜਣ ਦੀ ਮੰਗ ਕੀਤੀ ਹੈ, ਜਦੋਂ ਕਿ 44,000 ਮੀਟਰਕ ਟਨ ਡੀਏਪੀ ਪਹਿਲਾਂ ਹੀ ਟਰਾਂਜਿਟਹੈ।

Exit mobile version