Site icon TheUnmute.com

ਪੰਜਾਬ ਨੇ ਫਿਰ ਦੇਸ਼ ਦੇ ਅੰਨ ਭੰਡਾਰ ‘ਚ ਪਾਇਆ ਅਹਿਮ ਯੋਗਦਾਨ, ਦੇਸ਼ ਵਿਆਪੀ ਖਰੀਦ ‘ਚ ਪੰਜਾਬ ਦਾ 50 ਫ਼ੀਸਦੀ ਹਿੱਸਾ

MSP

ਚੰਡੀਗੜ੍ਹ, 27 ਅਪ੍ਰੈਲ 2023: ਸੂਬੇ ਭਰ ਦੀਆਂ ਮੰਡੀਆਂ ਵਿੱਚ ਅੱਜ ਕਣਕ ਦੀ ਆਮਦ 100 ਲੱਖ ਮੀਟਰਿਕ ਟਨ ਨੂੰ ਪਾਰ ਕਰ ਗਈ ਹੈ ਜਿਸ ਵਿੱਚੋਂ 99.5 ਲੱਖ ਟਨ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਵਪਾਰੀਆਂ ਵੱਲੋਂ ਕਰੀਬ 3.5 ਲੱਖ ਮੀਟਰਿਕ ਟਨ ਜਦਕਿ ਬਾਕੀ ਕਣਕ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੀ ਗਈ ਹੈ। ਅੱਜ ਦਿਨ ਦੇ ਅੰਤ ਤੱਕ ਸਿਰਫ 1 ਲੱਖ ਮੀਟਰਿਕ ਟਨ ਕਣਕ ਹੀ ਬਿਨ੍ਹਾਂ ਖਰੀਦੇ ਬਚੀ ਸੀ ਕਿਉਂਕਿ ਇਸਦੀ ਸਫ਼ਾਈ ਹੋਣੀ ਬਾਕੀ ਸੀ।

ਇਹ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੌਜੂਦ ਸੀਜ਼ਨ ਵਿੱਚ 100 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦੇ ਅੰਕੜੇ ਨੂੰ ਪਾਰ ਕਰਕੇ ਪਿਛਲੇ ਸਾਲ ਹੋਈ ਕੁੱਲ 96 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਨੂੰ ਮਾਤ ਦਿੰਦਿਆਂ ਖਰੀਦ ਪ੍ਰਕਿਰਿਆ ਅੱਜ ਆਪਣੇ ਆਖਰੀ ਪੜਾਅ ਵਿੱਚ ਦਾਖਲ ਹੋ ਗਈ ਹੈ।

ਪਿਛਲੇ ਸਾਲ ਦੌਰਾਨ ਕਣਕ ਦੀ ਆਮਦ ਦੀ ਤੁਲਨਾ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਲਗਭਗ 50 ਫੀਸਦੀ ਹਿੱਸਾ ਸੂਬੇ ਵੱਲੋਂ ਪਾਇਆ ਗਿਆ ਹੈ ਜਿਸ ਨਾਲ ਇੱਕ ਵਾਰ ਫਿਰ ਪੰਜਾਬ ਦੇਸ਼ ਦੇ ਅੰਨਦਾਤਾਵਾਂ ਵਿੱਚੋਂ ਮੋਹਰੀ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਸਾਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੁੱਲ ਸਰਕਾਰੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਘੱਟੋ-ਘੱਟ 30 ਫੀਸਦੀ ਵੱਧ ਹੋਣ ਦੀ ਉਮੀਦ ਹੈ ਜੋ ਕਿ ਸੂਬੇ ਵਿੱਚ ਵਧੀ ਹੋਈ ਖੁਸ਼ਹਾਲੀ ਦਾ ਸੰਕੇਤ ਹੈ।

ਖਰੀਦ ਪ੍ਰਕਿਰਿਆ ਦੀ ਰਫਤਾਰ ‘ਤੇ ਤਸੱਲੀ ਪ੍ਰਗਟ ਕਰਦਿਆਂ ਮੰਤਰੀ ਨੇ ਕਿਹਾ ਕਿ ਪੂਰੇ ਸੀਜ਼ਨ ਦੌਰਾਨ ਦਿਨ ਦੇ ਅੰਤ ‘ਚ ਬਿਨਾਂ ਖਰੀਦੇ ਬਚੀ ਕਣਕ ਦੀ ਮਾਤਰਾ ਕਦੇ ਵੀ ਉਸ ਦਿਨ ਦੀ ਆਮਦ ਦੇ 50 ਫੀਸਦੀ ਤੋਂ ਵੱਧ ਨਹੀਂ ਸੀ, ਜੋ ਇਸ ਤੱਥ ਵੱਲ ਸਪੱਸ਼ਟ ਤੌਰ ‘ਤੇ ਇਸ਼ਾਰਾ ਕਰਦਾ ਹੈ ਕਿ ਜ਼ਿਆਦਾਤਰ ਕਿਸਾਨਾਂ ਦੀ ਕਣਕ ਉਸੇ ਦਿਨ ਹੀ ਖਰੀਦੀ ਗਈ ਹੈ ਜਿਸ ਦਿਨ ਉਹ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਏ ਸਨ।

ਕਣਕ ਦੀ ਚੁਕਾਈ ਸਬੰਧੀ ਮੰਤਰੀ ਨੇ ਕਿਹਾ ਕਿ ਇਸ ਸਾਲ ਮੰਡੀਆਂ ‘ਚ 100 ਲੱਖ ਟਨ ਕਣਕ ਦੀ ਆਮਦ ਸਿਰਫ 15 ਦਿਨਾਂ ‘ਚ ਹੀ ਹੋ ਗਈ ਹੈ ਜਦਕਿ ਪਿਛਲੇ ਸਾਲ ਇਸੇ ਤਰੀਕ ਤੱਕ 22 ਦਿਨਾਂ ‘ਚ 94 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ। ਇਸ ਲਈ ਸੂਬੇ ਵਿੱਚ ਸੀਮਤ ਲੇਬਰ ਅਤੇ ਟਰਾਂਸਪੋਰਟ ਸਰੋਤਾਂ ‘ਤੇ ਧਿਆਨ ਦੇਣਾ ਲਾਜ਼ਮੀ ਸੀ।

ਉਹਨਾਂ ਅੱਗੇ ਕਿਹਾ ਕਿ ਚੁਕਾਈ ਖਰੀਦ ਏਜੰਸੀਆਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਦਾ ਕਿਸੇ ਵੀ ਦਿਨ ਕਿਸੇ ਵੀ ਤਰ੍ਹਾਂ ਨਾਲ ਕਣਕ ਦੀ ਤੁਰੰਤ ਖਰੀਦ ਅਤੇ ਅਦਾਇਗੀ ਸਬੰਧੀ ਕਿਸਾਨਾਂ ‘ਤੇ ਪ੍ਰਭਾਵ ਨਹੀਂ ਪਿਆ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਚੁਕਾਈ ਦੀ ਰਫ਼ਤਾਰ ਕਣਕ ਦੀ ਆਮਦ ਦੀ ਰਫ਼ਤਾਰ ਨਾਲੋਂ ਵੱਧ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।

Exit mobile version