ਰਾਸ਼ਟਰੀ ਸਵੈਸੇਵਕ ਸੰਘ

ਰਾਸ਼ਟਰੀ ਸਵੈਸੇਵਕ ਸੰਘ ਕੀ ਹੈ?

ਚੰਡੀਗੜ੍ਹ 11 ਮਈ 2022: 2014 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਵਿੱਚ ਸਰਕਾਰ ਬਣਾ ਲੈਣ ਨਾਲ਼ ਭਾਰਤ ਦੇ ਵੱਡੇ ਹਿੱਸੇ ਵਿੱਚ ਫਿਰਕੂ ਫਾਸ਼ੀਵਾਦ ਦਾ ਉਭਾਰ ਹੋ ਚੁੱਕਾ ਹੈ। ਭਾਰਤ ਵਿੱਚ ਮੌਜੂਦ ਇਸ ਫਾਸੀਵਾਦੀ ਲਹਿਰ ਦਾ ਕਰਤਾ-ਧਰਤਾ ਰਾਸ਼ਟਰੀ ਸਵੈਸਵੇਕ ਸੰਘ (ਰ.ਸ.ਸ) ਹੈ। ਫਾਸੀਵਾਦ ਨਿੱਕ ਸਰਮਾਏਦਾਰੀ ਦੀ ਪਿਛਾਖੜੀ ਸਮਾਜਿਕ ਲਹਿਰ ਹੁੰਦਾ ਹੈ ਜਿਸਦਾ ਮਕਸਦ ਸੰਕਟਗ੍ਰਸਤ ਅਜਾਰੇਦਾਰ ਸਰਮਾਏਦਾਰੀ ਦੀ ਸੇਵਾ ਕਰਨਾ ਹੁੰਦਾ ਹੈ।

ਇਸ ਮਕਸਦ ਲਈ ਉਹ ਕਿਰਤੀ ਲੋਕਾਂ ਅੱਗੇ ਉਹਨਾਂ ਦੀਆਂ ਸਮੱਸਿਆਵਾਂ ਲਈ ਇੱਕ ਨਕਲੀ ਦੁਸ਼ਮਣ ਖੜ੍ਹਾ ਕਰਕੇ ਉਹਨਾਂ ਨੂੰ ਆਪਸ ਵਿੱਚ ਲੜਾਉਂਦਾ ਹੈ। ਫਾਸੀਵਾਦ ਵਿੱਚ ਸਰਮਾਏਦਾਰਾ ਸੱਤ੍ਹਾ ਆਪਣਾ ਜਮਹੂਰੀ ਮਖੌਟਾ ਲਾਹ ਕੇ ਨੰਗੀ-ਚਿੱਟੀ ਤਾਨਾਸ਼ਾਹੀ ਦਾ ਰੂਪ ਧਾਰ ਲੈਂਦੀ ਹੈ ਤੇ ਧੜੱਲੇ ਨਾਲ਼ ਅਜਾਰੇਦਾਰ ਸਰਮਾਏ ਦੇ ਪੱਖ ਵਿੱਚ ਤੇ ਲੋਕਾਂ ਉੱਪਰ ਜਬਰ ਢਾਹੁਣ ਦੀਆਂ ਨੀਤੀਆਂ ਲਾਗੂ ਕਰਦੀ ਹੈ। ਸਰਮਾਏਦਾਰੀ ਵਿੱਚ ਜਮਾਤੀ ਧਰੁਵੀਕਰਨ ਨਾਲ਼ ਜਿੱਥੇ ਅਗਾਂਹਵਧੂ ਲਹਿਰਾਂ ਦੀ ਜ਼ਮੀਨ ਤਿਆਰ ਹੁੰਦੀ ਹੈ, ਉੱਥੇ ਹੀ ਇਹ ਅਜਿਹੀਆਂ ਲਹਿਰਾਂ ਦੀ ਅਣਹੋਂਦ ਵਿੱਚ ਪਿਛਾਂਹਖਿੱਚੂ ਲਹਿਰਾਂ ਲਈ ਵੀ ਜ਼ਰਖੇਜ਼ ਭੂਮੀ ਮੁਹੱਈਆ ਕਰਵਾਉਂਦੀ ਹੈ।

ਭਾਰਤੀ ਅਰਥਚਾਰੇ ਵਿੱਚ 1980ਵਿਆਂ ਤੋਂ ਨਵ-ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ਼ ਤੇ ਮੁੜਕੇ ਸੰਕਟ ਵਿੱਚ ਫਸਣ ਨਾਲ਼ ਅਜਿਹੀ ਹੀ ਜ਼ਮੀਨ ਤਿਆਰ ਹੋਈ ਹੈ। ਉਦੋਂ ਹੀ ਇੱਕ ਫਾਸੀਵਾਦੀ ਤਾਕਤ ਦੇ ਰੂਪ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਮਜਬੂਤ ਹੋਇਆ ਹੈ। 2014 ਵਿੱਚ ਨਵ-ਉਦਾਰਵਾਦੀ ਨੀਤੀਆਂ ਨੂੰ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਤੇਜ਼ੀ ਨਾਲ਼ ਲਾਗੂ ਕਰਨ ਲਈ ਭਾਰਤ ਦੀ ਵੱਡੀ ਸਰਮਾਏਦਾਰੀ ਨੇ ਰ.ਸ.ਸ. ਦੇ ਸਿਆਸੀ ਵਿੰਗ, ਭਾਜਪਾ ਨੂੰ ਕੇਂਦਰੀ ਸੱਤ੍ਹਾ ਦੀ ਕਮਾਨ ਸੌਂਪੀ। ਉਦੋਂ ਤੋਂ ਧਰਮ ਦੇ ਨਾਮ ਉੱਪਰ ਨਫਰਤ, ਹਿੰਸਾ ਤੇ ਵੰਡੀਆਂ ਦੀ ਸਿਆਸਤ ਸਰਗਰਮ ਹੈ। ਕਸ਼ਮੀਰ ਵਿੱਚੋਂ ਧਾਰਾ 370 ਤੇ 35ਏ ਹਟਾਉਣਾ, ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ, ਗਊ ਹੱਤਿਆ, ਲਵ ਜਿਹਾਦ, ਧਰਮ ਪਰਵਿਰਤ ਕਨੂੰਨ, ਨਾਗਰਿਕਤਾ ਸੋਧ ਕਨੂੰਨ, ਹਿਜਾਬ ਉੱਪਰ ਪਾਬੰਦੀ, ਮਾਸਾਹਾਰ ਉੱਪਰ ਪਾਬੰਦੀ ਤੇ ਹੁਣ ਬੁਲਡੋਜਰ ਰਾਹੀਂ ਮੁਸਲਮਾਨਾਂ ਦੇ ਘਰ ਢਾਹੁਣ ਆਦਿ ਜਿਹੇ ਮਸਲਿਆਂ ਬਹਾਨੇ ਇਹ ਫਿਰਕੂ ਸਿਆਸਤ ਕਿਸੇ ਨਾ ਕਿਸੇ ਰੂਪ ਵਿੱਚ ਸਰਗਰਮ ਹੈ। ਅੱਗੇ ਅਸੀਂ ਇਹ ਚਰਚਾ ਕਰਾਂਗੇ ਕਿ ਰ.ਸ.ਸ. ਦਾ ਇਤਿਹਾਸ ਕੀ ਹੈ, ਇਸਦਾ ਮਕਸਦ ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ?

ਰਾਸ਼ਟਰੀ ਸਵੈਸੇਵਕ ਸੰਘ (ਰ.ਸ.ਸ.) ਦੀ ਸਥਾਪਨਾ 1925 ਵਿੱਚ ਦੁਸ਼ਹਿਰੇ ਦੇ ਦਿਨ ਨਾਗਪੁਰ ਵਿੱਚ ਹੋਈ। ਕੇਸ਼ਵ ਬਲਰਾਮ ਹੇਡਗੇਵਾਰ ਇਸਦਾ ਮੋਢੀ ਸੀ। 1937 ਵਿੱਚ ਇਟਲੀ ਜਾ ਕੇ ਮੁਸੋਲਿਨੀ ਨੂੰ ਮਿਲ਼ਣ ਵਾਲ਼ੇ ਮੁੰਜੇ ਤੋਂ ਉਹ ਪ੍ਰਭਾਵਿਤ ਸੀ। 1935 ਦਰਮਿਆਨ ਰਸਸ ਨਾਲ਼ ਨੇੜਤਾ ਰੱਖਣ ਵਾਲ਼ੇ ਅਖ਼ਬਾਰ ‘ਕੇਸਰੀ’ ਨੇ ਮੁਸੋਲਿਨੀ ਅਤੇ ਉਸਦੀ ਫਾਸੀਵਾਦੀ ਸੱਤ੍ਹਾ ਦੀ ਪ੍ਰਸ਼ੰਸਾ ਵਿੱਚ ਲਗਾਤਾਰ ਲੇਖ ਛਾਪੇ। ਮੁੰਜੇ ਨੇ ਹੇਡਗੇਵਾਰ ਨੂੰ ਮੁਸੋਲਿਨੀ ਦੁਆਰਾ ਨੌਜਵਾਨਾਂ ਦੇ ਦਿਮਾਗਾਂ ਵਿੱਚ ਜ਼ਹਿਰ ਘੋਲ਼ ਕੇ ਉਨ੍ਹਾਂ ਨੂੰ ਫਾਸੀਵਾਦੀ ਜਥੇਬੰਦੀ ਵਿੱਚ ਸ਼ਾਮਿਲ ਕਰਨ ਦੇ ਤੌਰ-ਤਰੀਕਿਆਂ ਬਾਰੇ ਦੱਸਿਆ।

ਹੇਡਗੇਵਾਰ ਨੇ ਉਨ੍ਹਾਂ ਤੌਰ-ਤਰੀਕਿਆਂ ਦੀ ਵਰਤੋਂ ਉਸੇ ਵੇਲ਼ੇ ਤੋਂ ਸ਼ੁਰੂ ਕਰ ਦਿੱਤੀ ਅਤੇ ਸੰਘ ਅੱਜ ਵੀ ਉਨ੍ਹਾਂ ਤਰੀਕਿਆਂ ਦੀ ਵਰਤੋਂ ਕਰਦਾ ਹੈ। ਸੰਘੀਆਂ ਨੇ ਖੁੱਲ੍ਹ ਕੇ ਜਰਮਨੀ ਤੇ ਇਟਲੀ ਵਿੱਚ ਨਾਜੀਆਂ ਦੁਆਰਾ ਯਹੂਦੀਆਂ ਦੇ ਕਤਲੇਆਮ ਦੀ ਹਮਾਇਤ ਕੀਤੀ ਤੇ ਇਹ ਮੰਨਿਆਂ ਕਿ ਆਪਣੀ ਨਸਲ ਦੀ ਸ਼ੁੱਧਤਾ ਲਈ ਜੋ ਮਹਾਨ ਕੰਮ ਹਿਟਲਰ ਨੇ ਕੀਤਾ ਹੈ ਉਹ ਸਾਨੂੰ ਭਾਰਤ ਵਿੱਚ ਵੀ ਅਪਨਾਉਣਾ ਚਾਹੀਦਾ ਹੈ। ਅਸਲ ਵਿੱਚ ਅੰਗਰੇਜਾਂ ਦੀ ਗੁਲਾਮੀ ਵੇਲੇ ਭਾਰਤ ਵਿੱਚ ਇੱਕ ਰੁੰਡ-ਮਰੁੰਡ ਕਿਸਮ ਦਾ ਸਰਮਾਏਦਾਰਾ ਵਿਕਾਸ ਸ਼ੁਰੂ ਹੋਇਆ ਜਿਸ ਨਾਲ਼ ਜਮਹੂਰੀਅਤ, ਤਰਕਸ਼ੀਲਤਾ ਵਰਗੀਆਂ ਕਦਰਾਂ ਇੱਥੋਂ ਦੇ ਸਮਾਜਿਕ ਜੀਵਨ ਦਾ ਡੂੰਘਾ ਹਿੱਸਾ ਨਾ ਬਣ ਸਕੀਆਂ ਜਿਸ ਕਾਰਨ ਅੰਧ-ਵਿਸ਼ਵਾਸ, ਫਿਰਕੂ ਜਨੂੰਨ ਤੇ ਗੈਰ-ਜਮਹੂਰੀ ਅਧਾਰ ਉੱਪਰ ਰ.ਸ.ਸ. ਵਰਗੀਆਂ ਫਿਰਕੂ ਜਥੇਬੰਦੀਆਂ ਬਣਨ ਦੀ ਕਾਫੀ ਸੰਭਾਵਨਾ ਸੀ ਤੇ ਇਸੇ ਕਾਰਨ ਇਹ ਇੱਥੇ ਜੜ੍ਹਾਂ ਜਮਾ ਸਕੀ।

ਹੇਡਗੇਵਾਰ ਤੋਂ ਬਾਅਦ ਸੰਘ ਦਾ ਦੂਜਾ ਮੁਖੀ ਮਾਧਵਰਾਓ ਸਦਾਸ਼ਿਵ ਗੋਲਵਲਕਰ ਸੀ ਜੋ 1940 ਤੋਂ 1973 ਤੱਕ ਮੁਖੀ ਰਿਹਾ। ਸੰਘ ਦੀ ਫਾਸੀਵਾਦੀ ਵਿਚਾਰਧਾਰਾ ਦੀ ਨੀਂਹ ਮਜ਼ਬੂਤ ਕਰਨ ਤੇ ਇਸਦਾ ਢਾਂਚਾ ਖੜ੍ਹਾ ਕਰਨ ਦਾ ਕੰਮ ਉਸਨੇ ਕੀਤਾ। ਉਸਦੀਆਂ ਲਿਖਤਾਂ ਵਿੱਚੋਂ ਰਾਸ਼ਟਰੀ ਸਵੈਸੇਵਕ ਸੰਘ ਦੀ ਵਿਚਾਰਧਾਰਾ ਵਧੇਰੇ ਸਪੱਸ਼ਟ ਹੁੰਦੀ ਹੈ। ਰ.ਸ.ਸ. ਦੀ ਵਿਚਾਰਧਾਰਾ ਦੇ ਮੁੱਖ ਨੁਕਤੇ ਇਹ ਹਨ-

(1) ਹਿੰਦੂਆਂ ਦੀ ਸ਼ੁੱਧਤਾ, ਉੱਤਮਤਾ ਅਤੇ ਅੰਨ੍ਹਾ ਹਿੰਦੂਤਵ ਸੰਘ ਦੀ ਵਿਚਾਰਧਾਰਾ ਦਾ ਸਭ ਤੋਂ ਬੁਨਿਆਦੀ ਨੁਕਤਾ ਹੈ।

‘ਹਿੰਦੀ, ਹਿੰਦੂ, ਹਿੰਦੂਸਤਾਨ’ ਸੰਘ ਦਾ ਮੁੱਖ ਨਾਹਰਾ ਹੈ। ਸੰਘ ਦਾ ਮਕਸਦ ਪੂਰੇ ਦੇਸ਼ ਨੂੰ ਇੱਕ ਹਿੰਦੂ ਕੌਮ ਵਿੱਚ ਤਬਦੀਲ ਕਰਨਾ ਹੈ ਜੋ ਹਿੰਦੂਆਂ ਦਾ ਦੇਸ਼ ਹੋਵੇਗਾ ਤੇ ਜਿਸਦੀ ਭਾਸ਼ਾ ਹਿੰਦੀ ਹੋਵੇਗੀ। ਇਸ ਤਰ੍ਹਾਂ ਇਹ ਭਾਰਤ ਵਿੱਚ ਵੱਖ-ਵੱਖ ਕੌਮਾਂ ਦੀ ਹੋਂਦ ਤੋਂ ਮੁਨਕਰ ਹੈ ਤੇ ਵੱਖ-ਵੱਖ ਕੌਮਾਂ ਤੇ ਕੌਮੀ ਭਾਸ਼ਾਵਾਂ ਨੂੰ ਕੁਚਲਦੇ ਹੋਏ ਪੂਰੀ ਤਰ੍ਹਾਂ ਕੇਂਦਰੀਕਿ੍ਰਤ ਸੱਤ੍ਹਾ ਦੀ ਹਾਮੀ ਹੈ।

(2) ਰ.ਸ.ਸ. ਮੁਤਾਬਕ ਭਾਰਤ ਹਿੰਦੂਆਂ ਦਾ ਦੇਸ਼ ਹੈ ਤੇ ਹਿੰਦੂਆਂ ਤੋਂ ਬਿਨਾਂ ਇੱਥੇ ਹੋਰ ਕਿਸੇ ਨੂੰ ਰਹਿਣ ਦਾ ਕੋਈ ਹੱਕ ਨਹੀਂ। ਮੁਸਲਮਾਨਾਂ, ਇਸਾਈਆਂ ਨੂੰ ਇਹ ਵਿਦੇਸ਼ੀ ਧਾੜਵੀ ਮੰਨਦੇ ਹਨ ਜਿਹਨਾਂ ਨੇ ਆਕੇ ਇੱਥੋਂ ਦੀ ਅਖੌਤੀ ਸੱਭਿਅਤਾ ਨੂੰ ਤਬਾਹ ਕਰ ਦਿੱਤਾ। ਸਿੱਖਾਂ ਨੂੰ ਇਹ ਆਪਣਾ ਅੰਗ ਹੀ ਮੰਨਦੇ ਹਨ। ਇਸ ਕਰਕੇ ਸੰਘ ਦੇ ਹਿੰਦੂ ਰਾਜ ਵਿੱਚ ਬਾਕੀ ਧਰਮਾਂ ਦੇ ਲੋਕਾਂ ਨੂੰ ਜਾਂ ਤਾਂ ਭਾਰਤ ਛੱਡਣਾ ਪਵੇਗਾ ਜਾਂ ਫਿਰ ਬਿਨਾ ਕਿਸੇ ਨਾਗਰਿਕ, ਜਮਹੂਰੀ ਹੱਕਾਂ ਦੇ ਹਿੰਦੂਆਂ ਦੇ ਗੁਲਾਮ ਬਣਕੇ ਦੂਜੇ ਦਰਜੇ ਦੇ ਨਾਗਰਿਕ ਦੇ ਤੌਰ ’ਤੇ ਰਹਿਣਾ ਪਵੇਗਾ। ਅਸਲ ਵਿੱਚ ਕਮਿਊਨਿਸਟ, ਮੁਸਲਮਾਨ ਤੇ ਇਸਾਈਆਂ ਨੂੰ ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣ ਮੰਨਦੇ ਹਨ। ਇਸ ਤੋਂ ਬਿਨਾਂ ਬਾਕੀ ਧਰਮਾਂ ਤੇ ਜਮਹੂਰੀ, ਤਰਕਸ਼ੀਲ ਤੇ ਅਗਾਂਹਵਧੂ ਲਹਿਰਾਂ ਨੂੰ ਵੀ ਉਹ ਰੱਜ ਕੇ ਨਫਰਤ ਕਰਦੇ ਹਨ।

(3) ਸੰਘ ਦੇ ਇਸ ਹਿੰਦੂ ਰਾਸ਼ਟਰ ਵਿੱਚ ਭਾਰਤ ਦੇ ਸਭ ਹਿੰਦੂਆਂ ਲਈ ਵੀ ਕੋਈ ਬਰਾਬਰ ਹੱਕ ਨਹੀਂ ਹਨ। ਇਹਨਾਂ ਅਨੁਸਾਰ ਮੰਨੂ ਸਿਮਰਤੀ ਵਿੱਚ ਦੱਸਿਆ ਜਾਤ-ਪਾਤੀ ਢਾਂਚਾ ਭਾਰਤੀ ਸਮਾਜ ਲਈ ਆਦਰਸ਼ਕ ਹੈ। ਸਭ ਜਾਤਾਂ ਨੂੰ ਉਹਨਾਂ ਦੇ ਹਿੱਸੇ ਆਉਂਦੇ ਕੰਮ ਕਰਨੇ ਚਾਹੀਦੇ ਹਨ। ਇਸ ਨਾਲ਼ੋਂ ਵੀ ਵੱਧ ਮੰਨੂ ਸਿਮਰਤੀ ਵਿਚਲੇ ਵਿਚਾਰ, ਜੀਵਨ ਜਾਂਚ, ਰੀਤੀ ਰਿਵਾਜ ਤੇ ਸੱਭਿਆਚਾਰ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਸਲ ਵਿੱਚ ਇਹ ਧਰਮ ਹੀ ਸੰਸਾਰ ਦਾ ਇੱਕੋ-ਇੱਕ ਧਰਮ ਹੈ ਜੋ ਗੈਰ-ਬਰਾਬਰੀ ਨੂੰ ਆਪਣੇ ਸਿਧਾਂਤ ਵਿੱਚ ਵੀ ਮਾਨਤਾ ਦਿੰਦਾ ਹੈ।

(4) ਸੰਘ ਜਿੰਨਾ ਗੈਰ-ਹਿੰਦੂਆਂ ਤੇ ਨੀਵੀਆਂ ਜਾਤਾਂ ਦਾ ਵਿਰੋਧੀ ਹੈ ਉਨਾ ਹੀ ਉਹ ਔਰਤ ਵਿਰੋਧੀ ਵੀ ਹੈ। ਸੰਘ ਮੁਤਾਬਕ ਔਰਤਾਂ ਦਾ ਕੰਮ ਪਤੀ ਦੀ ਸੇਵਾ ਕਰਨਾ, ਘਰ ਸੰਭਲ਼ਣਾ ਤੇ ਬੱਚੇ ਪੈਦਾ ਕਰਨਾ ਹੈ। ਘਰ ਤੋਂ ਬਾਹਰ ਦੇ ਕੰਮਾਂ ਵਿੱਚ ਨਾ ਤਾਂ ਔਰਤਾਂ ਨੂੰ ਮਰਦਾਂ ਵਾਂਗ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਅਜਿਹੇ ਹੱਕ ਦਿੱਤੇ ਜਾਣੇ ਚਾਹੀਦੇ ਹਨ। ਸੰਘ ਆਪਣੇ ਵਿੱਦਿਅਕ ਪ੍ਰੋਗਰਾਮ ਵਿੱਚ ਵੀ ਕੁੜੀਆਂ ਲਈ ਵੱਖਰੇ ਸਿਲੇਬਸਾਂ ਦੀ ਮੰਗ ਕਰਦਾ ਹੈ ਜਿਸ ਵਿੱਚ ਉਹਨਾਂ ਨੂੰ ਘਰ-ਬਾਰ ਸੰਭਾਲ਼ਣ ਤੇ ਪਤੀ ਦੀ ‘ਸੇਵਾ’ (ਗੁਲਾਮੀ) ਕਰਨ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਹੋਰ ਗਿਆਨ-ਵਿਗਿਆਨ ਦਾ ਔਰਤਾਂ ਲਈ ਕੋਈ ਮਹੱਤਵ ਨਹੀਂ। ਅੱਜ ਵੀ ਸੰਘ ਦੇ ਕੇਂਦਰੀ ਢਾਂਚੇ ਵਿੱਚ ਇੱਕ ਵੀ ਔਰਤ ਨਹੀਂ ਹੈ।

ਹਿੰਦੂ ‘ਕੌਮ’ ਦੇ ਇਹਨਾਂ ‘ਸੱਚੇ ਬਹਾਦਰ ਸਪੂਤਾਂ’ ਦੀ ਅਜ਼ਾਦੀ ਦੀ ਲੜਾਈ ਵਿੱਚ ਕੋਈ ਭੂਮਿਕਾ ਨਹੀਂ ਸੀ ਸਗੋਂ ਇਸਦੇ ਆਗੂ ਅੰਗਰੇਜਾਂ ਦੇ ਵਫਾਦਾਰ ਉੱਕੜਬੋਚ ਸਨ। ਸੰਘੀਆਂ ਦੇ ਵੀਰ ਸਾਵਰਕਰ ਤੇ ਵਾਜਪਈ ਜਿਹੇ ਚਹੇਤੇ ਸਿਆਸੀ ਆਗੂ ਜਦ ਕਦੇ ਗਲਤੀ ਨਾਲ਼ ਅੰਗਰੇਜਾਂ ਵੱਲੋਂ ਗਿ੍ਰਫਤਾਰ ਕੀਤੇ ਗਏ ਉਹ ਮੁਆਫੀਨਾਮੇ ਲਿਖਕੇ ਬਾਹਰ ਆ ਜਾਂਦੇ ਸਨ। ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਵੀ ਇਹੀ ਕੰਮ ਕੀਤਾ ਸੀ। ਮੁਆਫੀਨਾਮਿਆਂ ਦਾ ਇਹੀ ਦੌਰ ਇਹਨਾਂ ਨੇ ਐਮਰਜੈਂਸੀ ਦੇ ਦੌਰ ’ਚ ਵੀ ਜਾਰੀ ਰੱਖਿਆ ਸੀ ਜਦੋਂ ਇਹਨਾਂ ਉਸ ਵੇਲ਼ੇ ਦਾ ਸੰਘ-ਸੰਚਾਲਕ ਇੰਦਰਾਂ ਗਾਂਧੀ ਨੂੰ ਸੰਘ ’ਤੇ ਪਾਬੰਦੀ ਨਾ ਲਾਉਣ ਦੀਆਂ ਬੇਨਤੀਆਂ ਕਰ ਰਿਹਾ ਸੀ। ਲੋਕਾਂ ਨਾਲ਼ ਗੱਦਾਰੀਆਂ ਤੇ ਅੰਗਰੇਜ਼ਾ ਦੀ ਉੱਕੜਬੋਚੀ ਦਾ ਸੰਘ ਦਾ ਕਾਲ਼ਾ ਅਤੇ ਸ਼ਰਮਨਾਕ ਇਤਿਹਾਸ ਹੈ। ਇਸ ਕਰਕੇ ਸੰਘ ਵੱਲੋਂ ਇਸ ਇਤਿਹਾਸ ਨੂੰ ਵਿਗਾੜਨ ਤੇ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸੰਘ ਦਾ ਢਾਂਚਾ ਵੀ ਹਿਟਲਰ ਤੇ ਮੁਸੋਲਿਨੀ ਦੀਆਂ ਪਾਰਟੀਆਂ ਵਾਂਗ ਪੂਰੀ ਤਰਾਂ ਫਾਸੀਵਾਦੀ ਹੈ। ਭਾਵ ਇਸ ਵਿੱਚ ਕੋਈ ਜਮਹੂਰੀਅਤ ਨਹੀਂ ਹੁੰਦੀ, ਕੋਈ ਚੋਣ ਨਹੀਂ ਹੁੰਦੀ। ਸਭ ਤੋਂ ਉੱਪਰ ਸਰਸੰਘਸੰਚਾਲਕ ਹੁੰਦਾ ਹੈ ਤੇ ਸਭ ਢਾਂਚਾ ਉਸਦੇ ਹੁਕਮਾਂ ਅਨੁਸਾਰ ਚਲਦਾ ਹੈ। ਇਸਦੀ ਚੋਣ ਨਹੀਂ ਕੀਤੀ ਜਾਂਦੀ ਸਗੋਂ ਪੁਰਾਣਾ ਸਰਸੰਘ-ਸੰਚਾਲਕ ਆਪਣਾ ਅਗਲਾ ਵਾਰਸ ਚੁਣਦਾ ਹੈ। ਸੰਘ ਦੇ ਕਾਰਕੁੰਨਾਂ ਨੂੰ ਆਪਣੇ ਤੋਂ ਉੱਪਰਲਿਆਂ ਦਾ ਹਰ ਹੁਕਮ ਅੱਖਾਂ ਮੀਚ ਕੇ ਮੰਨਣ ਲਈ ਤਿਆਰ ਕੀਤਾ ਜਾਂਦਾ ਹੈ।

ਸੰਘ ਨੇ ਸਮਾਜ ਦੇ ਵੱਖੋ-ਵੱਖਰੇ ਤਬਕਿਆਂ ਤੇ ਵੱਖੋ-ਵੱਖਰੇ ਕੰਮਾਂ ਮੁਤਾਬਕ ਅਨੇਕਾਂ ਜਥੇਬੰਦੀਆਂ ਬਣਾ ਕੇ ਆਪਣਾ ਜਾਲ ਦੇਸ਼ ਵਿੱਚ ਫੈਲਾਇਆ ਹੋਇਆ ਹੈ ਜਿਨ੍ਹਾਂ ਦੀ ਗਿਣਤੀ 200 ਦੇ ਕਰੀਬ ਹੈ। ਇਹਨਾਂ ਵਿੱਚੋਂ ਕੁੱਝ ਅਹਿਮ ਜਥੇਬੰਦੀਆਂ ਹਨ – ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਹਿੰਦੂ ਵਾਹਿਣੀ (ਨੌਜਵਾਨ ਜਥੇਬੰਦੀ), ਦੁਰਗਾ ਵਾਹਿਣੀ (ਕੁੜੀਆਂ ਦੀ ਜਥੇਬੰਦੀ), ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਭਾਰਤੀ ਕਿਸਾਨ ਸੰਘ, ਭਾਰਤੀ ਮਜ਼ਦੂਰ ਸੰਘ, ਵਿੱਦਿਆ ਭਾਰਤੀ, ਰਾਸ਼ਟਰੀ ਸਿੱਖ ਸੰਗਤ, ਸਵਦੇਸ਼ੀ ਜਾਗਰਣ ਮੰਚ, ਸੇਵਾ ਭਾਰਤੀ, ਏਕਲ ਵਿਦਿਆਲਿਯ, ਹਿੰਦੂ ਵਿਵੇਕ ਕੇਂਦਰ, ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ ਆਦਿ। ਇਸਦੀਆਂ ਸੰਸਾਰ ਦੇ 30 ਤੋਂ ਵਧੇਰੇ ਦੇਸ਼ਾਂ ਵਿੱਚ ਵੀ ਅਨੇਕਾਂ ਸ਼ਾਖਾਵਾਂ ਹਨ।

ਭਾਜਪਾ, ਸੰਘ ਦਾ ਸਿਆਸੀ ਵਿੰਗ ਹੈ। ਭਾਜਪਾ ਤੇ ਸੰਘ ਪੂਰੀ ਤਰ੍ਹਾਂ ਇੱਕੋ ਨਹੀਂ ਹਨ। ਭਾਜਪਾ ਸੰਘ ਦੇ ਅਧੀਨ ਹੈ ਪਰ ਸੰਘ ਭਾਜਪਾ (ਭਾਵੇਂ ਇਹਦੀ ਸਰਕਾਰ ਵੀ ਹੋਵੇ) ਅੱਗੇ ਜਰਾ ਵੀ ਜੁਆਬਦੇਹ ਨਹੀਂ ਹੈ। ਭਾਜਪਾ ਤੇ ਸੰਘ ਦੀ ਇਸ ਸਾਂਝ ਤੇ ਸੰਘ ਦੀਆਂ ਜਥੇਬੰਦੀਆਂ ਦੇ ਜਾਲ਼ ਨੂੰ ਵੇਖਦੇ ਹੋਏ ਕਿਸੇ ਥਾਂ ਭਾਜਪਾ ਦੇ ਹਾਰਨ ਨੂੰ ਸੰਘ ਦੀ ਹਾਰ, ਜਾਂ ਸੰਘ ਦਾ ਕਮਜ਼ੋਰ ਹੋਣਾ ਨਹੀਂ ਮੰਨਿਆਂ ਜਾਣਾ ਚਾਹੀਦਾ ਕਿਉਂਕਿ ਇਹ ਜਥੇਬੰਦੀਆਂ ਫੇਰ ਵੀ ਆਪਣਾ ਕੰਮ ਕਰਦੀਆਂ ਰਹਿੰਦੀਆਂ ਹਨ। ਹਾਂ, ਭਾਜਪਾ ਦੇ ਕੇਂਦਰੀ ਸੱਤ੍ਹਾ ਸਾਂਭਣ ਮਗਰੋਂ ਸੰਘੀ ਨਿੱਕਰਧਾਰੀ ਹੋਰ ਭੂਤਰੇ ਹਨ।

ਰਾਸ਼ਟਰੀ ਸਵੈਸੇਵਕ ਸੰਘ ਵੱਲੋਂ ਪਿੰਡਾਂ, ਸ਼ਹਿਰਾਂ ਵਿੱਚ ਰੋਜ਼ਨਾ ਸ਼ਾਖਾਵਾਂ ਲਗਦੀਆਂ ਹਨ ਜਿਹਨਾਂ ਵਿੱਚ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਨੂੰ ਫਿਰਕੂ ਵਿਚਾਰਧਾਰਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਵੇਲ਼ੇ ਇਹਨਾਂ ਸ਼ਾਖਾਵਾਂ ਦੀ ਗਿਣਤੀ 70,000 ਤੋਂ ਵੱਧ ਹੈ ਜਿਹਨਾਂ ਰਾਹੀਂ ਲੱਖਾਂ ਲੋਕ ਰੋਜ਼ਾਨਾ ਸੰਘ ਦੀ ਵਿਚਾਰਧਾਰਾ ਦੀਆਂ ਖੁਰਾਕਾਂ ਛਕਦੇ ਹਨ। ਸੰਘ ਦਾ ਆਪਣਾ ਵੱਖਰਾ ਸਿੱਖਿਆ ਤੰਤਰ ਹੈ, ਜਿਸ ਵਿੱਚ ਵਿੱਦਿਆ ਭਾਰਤੀ ਤੇ ਏਕਲ ਵਿਦਿਆਲਿਆ ਮੰਦਰੇ ਵਰਗੇ ਸਕੂਲ ਹਨ ਜਿਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਇਹ ਸਕੂਲ ਵੀ ਬਾਲ ਮਨਾਂ ਅੰਦਰ ਸੰਘ ਦੀ ਫਿਰਕੂ ਵਿਚਾਰਧਾਰਾ ਭਰਨ ਦਾ ਕੰਮ ਕਰਦੇ ਹਨ।

ਸੱਤ੍ਹਾ ਵਿੱਚ ਆਉਣ ਤੋਂ ਬਾਅਦ ਸੰਘ ਦਾ ਪਹਿਲਾ ਕੰਮ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਆਪਣੇ ਬੰਦੇ ਨਿਯੁਕਤ ਕਰਨਾ ਹੁੰਦਾ ਹੈ। ਅੱਜ ਸਿੱਖਿਆ, ਇਤਿਹਾਸ, ਕਲਾ, ਪ੍ਰਕਾਸ਼ਨ ਤੋਂ ਲੈਕੇ ਅਦਾਲਤਾਂ ਤੱਕ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਦੇ ਸਮਰਪਿਤ ਕਾਰਕੁੰਨ ਬੈਠੇ ਹਨ ਜੋ ਇਹਨਾਂ ਸਭ ਅਦਾਰਿਆ ਨੂੰ ਆਪਣੀ ਫਿਰਕੂ ਵਿਚਾਰਧਾਰਾ ਨੂੰ ਫੈਲਾਉਣ ਲਈ ਵਰਤਦੇ ਹਨ।

ਸੰਘ ਦਾ ਆਪਣਾ ਮਿਲਟਰੀ ਸਕੂਲ ਵੀ ਹੈ ਜਿਸਦਾ ਨਾ ਭੋਂਸਲੇ ਮਿਲਟਰੀ ਸਕੂਲ ਹੈ। ਇਹ ਸਕੂਲ ਨਾਸਿਕ ਵਿੱਚ ਹੈ। ਇਸਦੀ ਸਥਾਪਨਾ 1937 ਵਿੱਚ ਹਿੰਦੂ ਮਹਾਂਸਭਾ ਦੇ ਆਗੂ ਡਾ. ਬੀ.ਐੱਸ. ਮੂੰਜੇ ਨੇ ਅੰਗਰੇਜਾਂ ਦੀ ਮਦਦ ਨਾਲ਼ ਕੀਤੀ ਸੀ। ਇਸ ਸਕੂਲ ਵਿੱਚ ਲੜਾਈ ਲਈ ਸਰੀਰਕ ਸਿਖਲਾਈ ਤੋਂ ਬਿਨਾਂ ਬੰਦੂਕਾਂ, ਬੰਬ ਤੇ ਟੈਂਕ ਜਿਹੇ ਹਥਿਆਰ ਵੀ ਚਲਾਉਣੇ ਸਿਖਾਏ ਜਾਂਦੇ ਹਨ। ਇੱਥੋਂ ਟ੍ਰੇਨਿੰਗ ਹਾਸਲ ਕਰ ਚੁੱਕੇ ਹਿੰਦੂ ਅੱਤਵਾਦੀ ਮਾਲੇਗਾਉਂ ਬੰਬ ਧਮਾਕਿਆਂ, ਨੰਦੇੜ ਬੰਬ ਕਾਂਡ ਸਮੇਤ ਅਨੇਕਾਂ ਦਹਿਸ਼ਤਗਰਦ ਕਾਰਿਆਂ ਵਿੱਚ ਸ਼ਾਮਲ ਰਹਿ ਚੁੱਕੇ ਹਨ ਤੇ ਕਿੰਨੇ ਹੀ ਮਾਮਲਿਆਂ ਵਿੱਚ ਉਹਨਾਂ ਦੀ ਕੋਈ ਖ਼ਬਰ ਨਹੀਂ ਹੈ। ਬਾਬਰੀ ਮਸਜਿਦ ਕਾਂਡ, ਗੁਜਰਾਤ ਨਸਲਕੁਸ਼ੀ ਤੇ ਮੁਜੱਫਰਨਗਰ ਦੇ ਕਤਲੇਆਮ ਜਿਹੇ ਮਾਮਲਿਆਂ ਵਿੱਚ ਵੀ ਇੱਥੇ ਤਿਆਰ ਕੀਤੇ ਦਹਿਸ਼ਤਗਰਦਾਂ ਦਾ ਸ਼ਾਮਲ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਹੈ।

ਭੋਂਸਲੇ ਮਿਲਟਰੀ ਸਕੂਲ ਵਿੱਚੋਂ ਵੱਡੀ ਗਿਣਤੀ ਵਿੱਚ ਅਫਸਰ ਭਾਰਤੀ ਫੌਜ ਦੀਆਂ ਤਿੰਨਾਂ ਸ਼੍ਰੇਣੀਆਂ ਵਿੱਚ ਵੀ ਜਾਂਦੇ ਹਨ। ਇਸ ਤਰਾਂ ਇਹ ਹਿੰਦੂਤਵੀ ਦਹਿਸ਼ਤਗਰਦ ਭਾਰਤੀ ਫੌਜ ਦੇ ਇੱਕ ਹਿੱਸੇ ਨੂੰ ਵੀ ਆਪਣੇ ਅਸਰ ਅਧੀਨ ਰੱਖਦੇ ਹਨ। ਇਹ ਮਿਲਟਰੀ ਸਕੂਲ ਪੂਰੀ ਤਰਾਂ ਗੈਰ-ਕਨੂੰਨੀ ਹੈ ਪਰ ਇਸਦੀ ਸਥਾਪਨਾ ਤੋਂ 80 ਸਾਲਾਂ ਬਾਅਦ ਵੀ ਇਹ ਸਕੂਲ (ਮਿਲਟਰੀ ਕੈਂਪ) ਧੜੱਲੇ ਨਾਲ਼ ਚੱਲ ਰਿਹਾ ਹੈ। ਭਾਜਪਾ ਤੋਂ ਬਿਨਾਂ ਬਾਕੀ ਸਰਾਕਾਰਾਂ ਨੇ ਵੀ ਕਦੇ ਨਾ ਤਾਂ ਇਸਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਇਸ ਉੱਪਰ ਕੋਈ ਸਵਾਲ ਖੜਾ ਕੀਤਾ ਹੈ।

1992 ’ਚ ਰੱਥ ਯਾਤਰਾ ਕੱਢਣ ਮਗਰੋਂ ਅਯੁੱਧਿਆ ’ਚ ਬਾਬਰੀ ਮਸਜਿਦ ਢਾਹੀ ਗਈ ਤੇ ਹਜ਼ਾਰਾਂ ਮੁਸਲਮਾਨ ਕਤਲ ਕੀਤੇ ਗਏ। 2002 ਵਿੱਚ ਮੋਦੀ ਦੀ ਅਗਵਾਈ ਵਿੱਚ ਗੁਜਾਰਤ ਵਿੱਚ ਲਗਾਤਾਰ 3 ਦਿਨ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ। 2013 ਵਿੱਚ ਮੁਜੱਫਰਨਗਰ (ਉੱਤਰ ਪ੍ਰਦੇਸ਼) ਵਿੱਚ ਵੀ ਮੁਸਲਮਾਨਾਂ ਦੇ ਕਤਲੇਆਮ ਦਾ ਨੰਗਾ ਨਾਚ ਖੇਡਿਆ ਗਿਆ। ਇਸ ਤੋਂ ਬਿਨਾਂ ਕਦੇ ਗਊ ਹੱਤਿਆ ਤੇ ਕਦੇ ਕਿਸੇ ਬਹਾਨੇ ਧਾਰਮਿਕ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਸੈਂਕੜੇ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ। ਸਾਲ 2018 ਵਿੱਚ ਅਜਿਹੀਆਂ 826 ਫਿਰਕੂ ਵਾਰਦਾਤਾਂ ਦਰਜ ਕੀਤੀਆਂ ਗਈਆਂ। ਇੱਥੋਂ ਅੰਦਾਜਾ ਲਾਇਆ ਜਾ ਸਕਦਾ ਹੈ ਰ.ਸ.ਸ. ਸਮਾਜ ਵਿੱਚ ਕਿੰਨੀ ਡੂੰਘੀ ਤਰ੍ਹਾਂ ਧਸ ਕੇ ਕੰਮ ਕਰ ਰਹੀ ਹੈ।

ਇਹ ਫਾਸੀਵਾਦੀ ਭਾਵੇਂ ਲੋਕਾਂ ਦੀਆਂ ਆਰਥਿਕ ਤੰਗੀਆਂ ਦਾ ਸਹਾਰਾ ਲੈਂਦੇ ਹਨ ਤੇ ਧਾਰਮਿਕ ਘੱਟਗਿਣਤੀਆਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੇ ਕਾਰਨ ਦੱਸਦੇ ਹੋਏ ਫਿਰਕੂ ਜਨੂੰਨ ਭੜਕਾਉਂਦੇ ਹਨ। ਪਰ ਫਾਸੀਵਾਦੀ ਲਹਿਰ ਇਹਨਾਂ ਨਿੱਕ ਸਰਮਾਏਦਾਰਾ ਜਾਂ ਸਮਾਜ ਦੇ ਹੇਠਲੇ ਮੱਧਰਵਗੀ ਤਬਕਿਆਂ ਨੂੰ ਆਪਣੀ ਮੁੱਖ ਤਾਕਤ ਬਣਾਉਂਦੀ ਹੈ, ਉਹਨਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਵੀ ਸੱਤ੍ਹਾ ਹਾਸਲ ਕਰਨ ਤੋਂ ਬਾਅਦ ਵੀ ਹੱਲ ਨਹੀਂ ਕਰ ਸਕਦੀ। ਸੱਤ੍ਹਾ ਵਿਚਲੇ ਫਾਸੀਵਾਦ ਦਾ ਮੁੱਖ ਮਕਸਦ ਵੱਡੇ ਸਰਮਾਏ ਦੀ ਸੇਵਾ ਕਰਨਾ ਹੁੰਦਾ ਹੈ ਜਿਸ ਨਾਲ਼ ਇਹਨਾਂ ਤਬਕਿਆਂ ਦਾ ਹੋਰ ਉਜਾੜਾ ਹੀ ਹੁੰਦਾ ਹੈ। ਇਸ ਤਰ੍ਹਾਂ ਫਾਸੀਵਾਦੀ ਭਾਵੇਂ ਲੋਕਾਂ ਵਿੱਚ ਜਿੰਨਾ ਮਰਜ਼ੀ ਅੰਨ੍ਹਾ ਜਨੂੰਨ ਭੜਕਾਉਣ ਪਰ ਜ਼ਿੰਦਗੀ ਦੀਆਂ ਹਕੀਕਤਾਂ ’ਚੋਂ ਇਸ ਫਾਸੀਵਾਦੀ ਸੱਤ੍ਹਾ ਖਿਲਾਫ ਇੱਕ ਬੇਚੈਨੀ ਵੀ ਜਨਮ ਲੈਂਦੀ ਹੈ। ਇਸ ਕਰਕੇ ਲੋਕਾਂ ਦੇ ਬੁਨਿਆਦੀ ਮੰਗਾਂ-ਮਸਲੇ ਜਾਂ ਜਮਾਤੀ ਮਸਲੇ ਇੱਕ ਅਜਿਹੀ ਚੀਜ਼ ਹੈ ਜਿਸਦਾ ਇਹਨਾਂ ਫਾਸੀਵਾਦੀਆ ਕੋਲ਼ ਕੋਈ ਹੱਲ ਨਹੀਂ ਤੇ ਇਹਨਾਂ ਜਮਾਤੀ ਮਸਲਿਆਂ ਉੱਪਰ ਲੋਕਾਂ ਨੂੰ ਲਾਮਬੰਦ, ਜਥੇਬੰਦ ਤੇ ਸਿੱਖਿਅਤ ਕਰਦੇ ਹੋਏ ਇਸ ਫਾਸੀਵਾਦੀ ਵਿਚਾਰਧਾਰਾ ਦੇ ਜਨੂੰਨ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ ਤੇ ਇਹਨਾਂ ਫਾਸੀਵਾਦੀਆਂ ਨੂੰ ਹਰਾਉਣ ਦਾ ਕੰਮ ਕੀਤਾ ਜਾ ਸਕਦਾ ਹੈ। ਇਟਲੀ, ਜਰਮਨੀ, ਫਰਾਂਸ ਵਰਗੇ ਮੁਲਕਾਂ ਵਿੱਚ ਕਮਿਊਨਿਸਟਾਂ ਦੀ ਅਗਵਾਈ ਵਿੱਚ ਮਜ਼ਦੂਰ ਜਮਾਤ ਤੇ ਹੋਰ ਕਿਰਤੀ ਲੋਕਾਂ ਨੇ ਹੀ ਫਾਸੀਵਾਦੀਆਂ ਦਾ ਬੁਥਾੜ ਭੰਨਿਆ ਹੈ। ਅੱਜ ਭਾਰਤ ਵਿੱਚ ਵੀ ਇਹੋ ਤਾਕਤਾਂ ਇਹਨਾਂ ਨੂੰ ਮੁੜ ਹਰਾ ਸਕਦੀਆਂ ਹਨ, ਪਰ ਇਹਦੇ ਲਈ ਬਹੁਤ ਵੱਡੇ ਯਤਨਾਂ ਦੀ ਲੋੜ ਹੈ।

ਗੁਰਪ੍ਰੀਤ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 11, ਅੰਕ 6 – 1 ਤੋਂ 15 ਮਈ 2022 ਵਿੱਚ ਪ੍ਰਕਾਸ਼ਿਤ

Scroll to Top