Site icon TheUnmute.com

ਸਾਨੂੰ ਸਮਰਥਾ ਵਧਾਉਣ ਲਈ ਕੁਆਂਟਮ ਮਿਸ਼ਨ ਨੂੰ ਅੱਗੇ ਵਧਾਉਣ ਦੀ ਲੋੜ: ਪ੍ਰੋਫੈਸਰ ਅਰਵਿੰਦ

National Quantum Mission

ਪਟਿਆਲਾ, 04 ਮਈ 2023: ਭਾਰਤ ਸਰਕਾਰ ਨੇ 6,003 ਕਰੋੜ ਰੁਪਏ ਦੇ ਰਾਸ਼ਟਰੀ ਕੁਆਂਟਮ ਮਿਸ਼ਨ (National Quantum Mission) ਨੂੰ ਮਨਜ਼ੂਰੀ ਦਿੱਤੀ ਹੈ। ਇਸ ਮਿਸ਼ਨ ਦੇ ਮਾਹਿਰ ਵਿਗਿਆਨੀ ਮੈਂਬਰਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਸ਼ਾਮਿਲ ਹਨ।ਉਨ੍ਹਾਂ ਨੇ ਇਸ ਮਿਸ਼ਨ ਅਤੇ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਬਾਰੇ ਬਹੁਤ ਸਾਰੇ ਬੁਨਿਆਦੀ ਨੁਕਤੇ ਸਾਂਝੇ ਕਰਦਿਆਂ ਕਿਹਾ ਹੈ ਕਿ ਇਹ ਮਿਸ਼ਨ ਬਹੁਤ ਅਹਿਮ ਹੈ। ਇਸ ਮਿਸ਼ਨ ਬਾਰੇ ਪ੍ਰੋ. ਅਰਵਿੰਦ ਨੇ ਦੱਸਿਆ ਕਿ ਇਸ ਇਸ ਬਾਰੇ ਚਰਚਾ ਦੀ ਸ਼ੁਰੂਆਤ 1980 ਦੇ ਦਹਾਕੇ ਦੇ ਅਖੀਰ ਅਤੇ 90 ਦੇ ਦਹਾਕੇ ਦੇ ਸ਼ੁਰੂ ਵਿਚ ਕੁਆਂਟਮ ਕ੍ਰਿਪਟੋਗ੍ਰਾਫ਼ੀ ਉੱਤੇ ਮੁੱਖ ਕੰਮ ਦੇ ਨਾਲ ਹੋਈ ਸੀ ਪਰ ਅਸੀਂ ਇੱਕ ਦੇਸ ਦੇ ਤੌਰ ਉੱਤੇ ਉਸ ਤਰ੍ਹਾਂ ਦੀ ਪਹਿਲਕਦਮੀ ਨਹੀਂ ਕੀਤੀ ਜਿਸ ਤਰ੍ਹਾਂ ਦੀ ਸਾਨੂੰ ਸ਼ਾਇਦ 2000-2001 ਤੱਕ ਹੀ ਕਰ ਲੈਣੀ ਚਾਹੀਦੀ ਸੀ।

ਇਹ ਸਿਰਫ 2019 ਵਿੱਚ ਸੰਭਵ ਹੋਇਆ ਜਦੋਂ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਇਸ ਸੰਬੰਧੀ ਪਹਿਲਾ ਤਾਲਮੇਲ ਵਾਲਾ ਪ੍ਰੋਜੈਕਟ ਸ਼ੁਰੂ ਕੀਤਾ। ਇਸ ਨੂੰ ਕੁਆਂਟਮ ਇਨੇਬਲਡ ਸਾਇੰਸ ਐਂਡ ਟੈਕਨਾਲੋਜੀ (ਕੁਐਸਟ QuEST) ਕਿਹਾ ਜਾਂਦਾ ਸੀ ਅਤੇ ਇਸ ਦੇ ਤਹਿਤ ਦੇਸ਼ ਭਰ ਦੇ ਕਈ ਪ੍ਰੋਜੈਕਟਾਂ ਨੂੰ ਲਗਭਗ 300 ਕਰੋੜ ਰੁਪਏ ਦਿੱਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਇਹਨਾਂ ਪ੍ਰੋਜੈਕਟਾਂ ਵਿਚ ਕੁਆਂਟਮ (National Quantum Mission)  ਜਾਣਕਾਰੀ, ਫੋਟੋਨਾਂ ਨਾਲ ਕੁਆਂਟਮ ਸੰਚਾਰ, ਕੁਆਂਟਮ ਗਣਨਾ ਆਦਿ ਸ਼ਾਮਿਲ ਸਨ, ਇਸ ਦੇ ਚਾਰ ਭਾਗ ਸਨ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਵਿੱਚੋਂ ਇੱਕ ਭਾਗ ‘ਫੋਟੋਨਾਂ ਨਾਲ ਕੁਆਂਟਮ ਸੰਚਾਰ’ ਦੇ ਰਾਸ਼ਟਰੀ ਕੋਆਰਡੀਨੇਟਰ ਹਨ ਅਤੇ ਇਸ ਦੇ ਅੱਗੋਂ ਸਮੁੱਚੇ ਦੇਸ਼ ਭਰ ਵਿੱਚ 24 ਪ੍ਰਾਜੈਕਟ ਹਨ। ਇਹ ਪ੍ਰੋਜੈਕਟ ਜ਼ਿਆਦਾਤਰ ਆਈ. ਆਈ. ਟੀਜ਼ (IITs) ਅਤੇ ਆਇਸਰ (IISER) ਸੰਸਥਾਵਾਂ ਵਿੱਚ ਹਨ।

ਉਨ੍ਹਾਂ ਦੱਸਿਆ ਕਿ ਕੁਐਸਟ ਖੋਜ ਪ੍ਰੋਜੈਕਟ ਨਾਲ ਸਰਕਾਰ ਨੇ ਇਸ ਤਕਨਾਲੋਜੀ ਦੀ ਮਹੱਤਤਾ ਬਾਰੇ ਮਹਿਸੂਸ ਕੀਤਾ ਹੈ ਅਤੇ ਇਸ ਨੂੰ ਵੱਡੇ ਪੱਧਰ ਦੇ ਪ੍ਰੋਗਰਾਮ ਵਿੱਚ ਬਦਲਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਨੈਸਨਲ ਕੁਆਂਟਮ ਮਿਸ਼ਨ ਉੱਤੇ ਕੰਮ ਸ਼ੁਰੂ ਹੋਇਆ। ਇਸ ਰਾਹੀਂ ਕੁਆਂਟਮ ਤਕਨਾਲੋਜੀ ਨੂੰ ਵਿਕਸਤ ਕਰਨਾ ਹੈ ਜਿਨ੍ਹਾਂ ਵਿੱਚ ਕੁਆਂਟਮ ਸੰਚਾਰ ਅਤੇ ਗਣਨਾ ਉਪਕਰਣ, ਕੁਆਂਟਮ ਸੈਂਸਰ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਹੱਬ ਬਣਨਗੇ, ਫੰਡਿੰਗ ਉਪਲਬਧ ਹੋਵੇਗੀ, ਉਦਯੋਗ ਨਾਲ ਸਾਂਝੇਦਾਰੀ ਹੋਵੇਗੀ ਅਤੇ ਅਧਿਆਪਨ ਪ੍ਰੋਗਰਾਮ (ਕੁਆਂਟਮ ਟੈਕ) ਹੋਣਗੇ।

ਕੁਆਂਟਮ ਸੰਚਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਸੁਰੱਖਿਅਤ ਸੰਚਾਰ ਵਿੱਚ ਦਿਲਚਸਪੀ ਰੱਖਦੇ ਹਾਂ। ਭਾਵੇਂ ਅਸੀਂ ਆਪਣੇ ਫੋਨ ਤੋਂ ਇੱਕ ਸੰਦੇਸ਼ ਰਾਹੀਂ ਆਪਣਾ ਬੈਂਕ ਪਾਸਵਰਡ ਕਿਸੇ ਨੂੰ ਭੇਜ ਰਹੇ ਹੋਈਏ ਜਾਂ ਫਿਰ ਸੁਰੱਖਿਆ ਬਲ ਕੋਈ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹੋਣ, ਅਸੀਂ ਚਾਹੁੰਦੇ ਹਾਂ ਕਿ ਰਸਤੇ ਵਿੱਚ ਕੋਈ ਵੀ ਸਾਡੀ ਗੱਲਬਾਤ ਨੂੰ ਨਾ ਸੁਣੇ | ਅਜਿਹਾ ਸੁਰੱਖਿਅਤ ਸੰਚਾਰ ਕ੍ਰਿਪਟੋਗ੍ਰਾਫ਼ੀ ਰਾਹੀਂ ਕੀਤਾ ਜਾਂਦਾ ਹੈ। ਅਸੀਂ ਸਿਗਨਲ ਨੂੰ ਇਸ ਤਰੀਕੇ ਨਾਲ ਐਨਕ੍ਰਿਪਟ ਕਰਦੇ ਹਾਂ ਕਿ ਕੋਈ ਹੋਰ ਇਸਨੂੰ ਪੜ੍ਹ ਨਾ ਸਕੇ, ਪਰ ਇਹ ਪਤਾ ਚੱਲਿਆ ਹੈ ਕਿ ਐਨਕ੍ਰਿਪਟ ਕਰਨ ਦੇ ਸਾਰੇ ਪੁਰਾਣੇ ਤਰੀਕੇ ਤੋੜੇ ਜਾ ਸਕਦੇ ਹਨ। ਦੂਜੇ ਪਾਸੋਂ ਕੁਆਂਟਮ ਸੰਚਾਰ ਇੱਕ ਪੂਰੀ ਤਰ੍ਹਾਂ ਸੁਰੱਖਿਅਤ ਐਨਕੋਡਿੰਗ ਪ੍ਰਕਿਰਿਆ ਹੈ। ਇਸ ਵਿੱਚ ਕੁਝ ਕੁਆਂਟਮ ਵਿਧੀਆਂ ਦੀ ਵਰਤੋਂ ਕਰ ਕੇ ਜਾਣਕਾਰੀ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਕੁਆਂਟਮ ਕ੍ਰਿਪਟੋਗ੍ਰਾਫ਼ੀ ਕਹਿੰਦੇ ਹਾਂ। ਇਸ ਤਰ੍ਹਾਂ ਭੇਜਿਆ ਸੁਨੇਹਾ ਪੂਰੀ ਤਰਾਂ ਸੁਰੱਖਿਅਤ ਹੋ ਸਕਦਾ ਹੈ ਜੋ ਕਿ ਪੜ੍ਹਨਯੋਗ ਨਹੀਂ ਹੁੰਦਾ ਜੇ ਕੋਈ ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਵਿਅਕਤੀ ਦਾ ਪਤਾ ਲਗਾਇਆ ਜਾ ਸਕਦਾ। ਇਸ ਲਈ ਸੰਚਾਰ ਸੁਰੱਖਿਅ ਦੀ ਸਮੱਸਿਆ ਦਾ ਠੋਸ ਹੱਲ ਹੋ ਜਾਂਦਾ ਹੈ।

ਉਨ੍ਹਾਂ ਕੁਆਂਟਮ ਕੰਪਿਊਟਿੰਗ ਦੀ ਗੱਲ ਕਰਦੇ ਹੋਏ ਦੱਸਿਆ ਕਿ ਕੁਝ ਸਮੱਸਿਆਵਾਂ ਕੰਪਿਊਟਰਾਂ ਰਾਹੀਂ ਹੱਲ ਕਰਨ ਲਈ ਆਸਾਨ ਹੁੰਦੀਆਂ ਹਨ ਅਤੇ ਕੁਝ ਮੁਸ਼ਕਲ ਹੁੰਦੀਆਂ ਹਨ। ਉਦਾਹਰਨ ਲਈ ਗੁਣਾ ਕਰਨਾ ਆਸਾਨ ਹੈ ਪਰ ਗੁਣਨਖੰਡ ਬਣਾਉਣਾ ਔਖਾ ਹੈ। ਕੁਆਂਟਮ ਕੰਪਿਊਟਰ ਨਵੀਂ ਕਿਸਮ ਦੇ ਕੰਪਿਊਟਰ ਹਨ ਜੋ ਪੇਚੀਦਾ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਣਗੇ। ਇੱਥੋਂ ਤੱਕ ਕਿ ਤੇਜ਼ੀ ਨਾਲ ਅਜਿਹੀ ਮੁਸ਼ਕਿਲ ਵੀ ਹੱਲ ਕਰ ਸਕਣਗੇ ਜੋ ਆਮ ਕੰਪਿਊਟਰ ਰਾਹੀਂ ਮੁਮਕਿਨ ਨਹੀਂ।

ਇਸ ਮਿਸ਼ਨ ਦੇ ਉਦੇਸ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਝ ਟੀਚੇ ਮਿਥੇ ਗਏ ਹਨ ਜਿਵੇਂ ਇਹ ਜਾਣਨਾ ਕਿ ਤੁਸੀਂ ਕਿੰਨੀ ਦੂਰੀ ਤੱਕ ਕੁਆਂਟਮ ਸੰਚਾਰ ਯੰਤਰ ਸਥਾਪਤ ਕਰ ਸਕਦੇ ਹੋ? ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ ਸਾਡੇ ਕੋਲ ਹਾਲੇ ਔਸਤ ਕਿਸਮ ਦੇ ਉਪਕਰਣ ਉਪਲਬਧ ਹਨ ਜੋ ਕੁੱਝ ਮੀਟਰ ਤੱਕ ਸੰਚਾਰ ਕਰ ਸਕਦੇ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਕੀ ਤੁਸੀਂ ਇਕ ਵੱਡੇ ਸ਼ਹਿਰ ਵਿਚ ਜਾਂ ਸਾਰੇ ਸ਼ਹਿਰਾਂ ਵਿੱਚ ਕੁਆਂਟਮ ਸੰਚਾਰ ਕਰ ਸਕਦੇ ਹੋ। ਇਸੇ ਤਰ੍ਹਾਂ ਫਿਰ ਸੈਟੇਲਾਈਟ-ਅਧਾਰਿਤ ਕੁਆਂਟਮ ਸੰਚਾਰ ਹੈ ਜੋ ਕਿ ਬਹੁਤ ਲੰਬੀ ਦੂਰੀ ਉੱਤੇ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਯੂਰਪ, ਅਮਰੀਕਾ, ਆਸਟ੍ਰੇਲੀਆ ਅਤੇ ਚੀਨ ਇਸ ਖੇਤਰ ਦੇ ਪ੍ਰਮੁੱਖ ਖਿਡਾਰੀ ਹਨ। ਚੀਨ ਨੇ ਉਪਗ੍ਰਹਿ ਆਧਾਰਿਤ ਕੁਆਂਟਮ ਸੰਚਾਰ ਦਾ ਬਹੁਤ ਹੀ ਬੁਨਿਆਦੀ ਕੰਮ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ 2000 ਵਿੱਚ ਜਦੋਂ ਅਸੀਂ ਆਈ. ਆਈ. ਐੱਸ. ਸੀ. ਬੈਗਲੂਰੂ ਵਿੱਚ ਆਪਣੀ ਛੋਟੀ ਖੋਜ ਸ਼ੁਰੂ ਕੀਤੀ ਸੀ ਅਤੇ ਕੋਲਕਾਤਾ ਵਿੱਚ ਕੁਝ ਹੋਰ ਲੋਕਾਂ ਨੇ ਵੀ ਇਹਨਾਂ ਵਿਚਾਰਾਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਸਮੇਂ ਚੀਨ ਨੇ ਕੋਈ ਵੀ ਪ੍ਰੋਗਰਾਮ ਨਹੀਂ ਬਣਾਇਆ ਸੀ ਪਰ ਉਨ੍ਹਾਂ ਦੇ ਨੀਤੀ ਨਿਰਮਾਤਾਵਾਂ ਅਤੇ ਸਰਕਾਰਾਂ ਨੇ ਇਸ ਦੀ ਮਹੱਤਤਾ ਨੂੰ ਸਾਡੇ ਨੀਤੀ ਨਿਰਮਾਤਾਵਾਂ ਅਤੇ ਸਰਕਾਰਾਂ ਨਾਲੋਂ ਬਹੁਤ ਪਹਿਲਾਂ ਦੇਖ ਲਿਆ। ਅਸੀਂ ਵਿਗਿਆਨਕ ਦਿਲਚਸਪੀ ਅਤੇ ਸ਼ੁਰੂਆਤੀ ਕੰਮ ਦੇ ਮਾਮਲੇ ਵਿੱਚ ਉਹਨਾਂ ਤੋਂ ਅੱਗੇ ਸੀ ਪਰ ਅਸੀਂ ਆਪਣੇ ਮਿਸ਼ਨ ਵਿੱਚ ਬਹੁਤ ਦੇਰੀ ਕੀਤੀ ਹੈ ਪਰ ਦੇਰ ਆਏ ਦਰੁਸਤ ਆਏ।

Exit mobile version