ਪਟਿਆਲਾ, 23 ਜੂਨ 2022: ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਅਤੇ ਭਾਰਤ ‘ਚ ਪਹਿਲੀ ਵਾਰ ਆਯੋਜਿਤ ਹੋਣ ਜਾ ਰਹੀ 44ਵੀਂ ਚੈੱਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ ਅੱਜ ਪਟਿਆਲਾ ਪੁੱਜੀ। ਖੁੱਲ੍ਹੀ ਜੀਪ ‘ਚ ਸਵਾਰ ਚੈੱਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਦੇ ਹੱਥ ‘ਚ ਫੜੀ ਇਸ ਸ਼ਤਰੰਜ ਮਸ਼ਾਲ ਦਾ ਇੱਥੇ ਐਨ.ਆਈ.ਐਸ. ਵਿਖੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐਨ.ਆਈ.ਐਸ, ਖਿਡਾਰੀਆਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਐਮ.ਐਲ.ਏ. ਗੁਰਲਾਲ ਘਨੌਰ ਨੇ ਮਸ਼ਾਲ ਦਾ ਸਵਾਗਤ ਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਖੇਡਾਂ, ਖਿਡਾਰੀਆਂ ਨੂੰ ਪ੍ਰਫੁਲਤ ਕਰਨ ਦੇ ਨਾਲ-ਨਾਲ ਸੂਬੇ ‘ਚ ਖੇਡਾਂ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵਚਨਬੱਧ ਹੈ। ਗੁਰਲਾਲ ਘਨੌਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਦੇ ਪਲੇਠੇ ਬਜਟ ‘ਚ ਵੀ ਖੇਡਾਂ ਨੂੰ ਖਾਸ ਤਰਜੀਹ ਮਿਲੇਗੀ। ਉਨ੍ਹਾਂ ਕਿਹਾ ਕਿ ਚੈਸ ਮਸ਼ਾਲ, ਸ਼ਤਰੰਜ ਖੇਡ ਲਈ ਇੱਕ ਨਵੀਂ ਸ਼ੁਰੂਆਤ ਹੈ, ਜੋ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਹੋਰ ਉਤਸ਼ਾਹਤ ਕਰ ਰਹੀ ਹੈ।
ਮੁੱਖ ਮਹਿਮਾਨ ਵਜੋਂ ਪੁੱਜੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਮਹਾਂਬਲੀਪੁਰਮ, ਚੇਨਈ ਵਿਖੇ ਹੋਣ ਜਾ ਰਹੀ 44ਵੀਂ ਚੈੱਸ ਓਲੰਪੀਆਡ ‘ਚ ਪੰਜਾਬ ਦੇ 6 ਖਿਡਾਰੀ (3 ਲੜਕੀਆਂ ਤੇ 3 ਲੜਕੇ) ਹਿੱਸਾ ਲੈਣਗੇ, ਜਿਨ੍ਹਾਂ ਤੋਂ ਉਨ੍ਹਾਂ ਨੂੰ ਚੋਖੀ ਉਮੀਦ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਭਾਰਤ ਮੱਲ ਸਮਰਾਟ ਗੁਰਮੁੱਖ ਸਿੰਘ ਨੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਚੰਗੀ ਖੁਰਾਕ ਖਾਣ ਤੇ ਅਨੁਸ਼ਾਸਨ ‘ਚ ਰਹਿਣ ਤਾਂ ਕਿ ਸ਼ਤਰੰਜ ਦੀ ਤਰ੍ਹਾਂ ਦੂਸਰੀਆਂ ਕੌਮਾਂਤਰੀ ਖੇਡਾਂ ਦੀ ਮਸ਼ਾਲ ਵੀ ਸਾਡੇ ਦੇਸ਼ ਆਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਚੈੱਸ ਓਲੰਪਆਡ ਮਸ਼ਾਲ ਇੱਥੇ ਪੁਜੀ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ਾਲ ਨੇ ਸਾਡੇ ਨੌਜਵਾਨਾਂ ‘ਚ ਖੇਡਾਂ ਤੇ ਖਾਸ ਕਰਕੇ ਚੈੱਸ ਪ੍ਰਤੀ ਜੋਸ਼ ਭਰਿਆ ਹੈ। ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਦੇ ਨੁਮਾਇੰਦੇ ਅੰਕੁਸ਼ ਕਥੂਰੀਆ ਨੇ ਸਵਾਗਤ ਕੀਤਾ।
ਐਨ.ਆਈ.ਐਸ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ (ਰਿਟਾ.) ਰਾਜ ਸਿੰਘ ਬਿਸ਼ਨੋਈ ਨੇ ਮਹਿਮਾਨਾਂ ਦਾ ਸਨਮਾਨ ਕੀਤਾ, ਉਨ੍ਹਾਂ ਦੇ ਨਾਲ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ. ਜਨਰਲ (ਰਿਟਾ.) ਜੇ.ਐਸ. ਚੀਮਾ ਵੀ ਮੌਜੂਦ ਸਨ।
ਇਸ ਦੌਰਾਨ ਚੈੱਸ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨੇ ਪਟਿਆਲਾ ਦੇ ਛੋਟੀ ਉਮਰ ਦੇ ਖਿਡਾਰੀਆਂ ਨਾਲ ਚੈੱਸ ਬੋਰਡ ‘ਤੇ ਚੈੱਸ ਖੇਡ ਕੇ ਬੱਚਿਆਂ ਨੂੰ ਸ਼ਤਰੰਜ ਖੇਡਣ ਲਈ ਪ੍ਰੇਰਿਤ ਕੀਤਾ। ਸਮਾਰੋਹ ‘ਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੇ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਭੰਗੜੇ ਦੀ ਪੇਸ਼ਕਾਰੀ ਕੀਤੀ। ਇਸ ਤੋਂ ਬਾਅਦ ਸ਼ਤਰੰਜ ਉਲੰਪੀਆਡ ਮਸ਼ਾਲ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨੂੰ ਸੌਂਪਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਪੰਜਾਬ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਥਾਪਰ, ਏ.ਡੀ.ਸੀ. (ਯੂ.ਡੀ.) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਐਨ.ਆਈ.ਐਸ. ਦੇ ਡਿਪਟੀ ਡਾਇਰੈਕਟਰ ਗੌਰਵ ਰਾਵਤ, ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਦੇ ਖ਼ਜ਼ਾਨਚੀ ਤੇ ਕੌਮਾਂਤਰੀ ਮੈਡਲ ਜੇਤੂ ਪੰਕਜ ਸ਼ਰਮਾ, ਡੀ.ਐਸ.ਪੀ. ਸਿਟੀ-1 ਸੌਰਵ ਜਿੰਦਲ, ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ, ਐਨ.ਵਾਈ.ਕੇ. ਦੇ ਡਿਪਟੀ ਡਾਇਰੈਕਟਰ ਪਰਮਜੀਤ ਸਿੰਘ, ਜ਼ਿਲ੍ਹਾ ਯੂਥ ਅਫ਼ਸਰ ਨੇਹਾ ਸ਼ਰਮਾ, ਪਟਿਆਲਾ ਜ਼ਿਲ੍ਹਾ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਮੇਸ਼ ਸ਼ਰਮਾ, ਪਰਮਿੰਦਰ ਨਾਥ ਮਾਥੁਰ, ਹਰਚਰਨ ਸਿੰਘ, ਰਾਜੀਵ ਰਹੇਜਾ, ਯੋਗੇਸ਼ ਸਿੰਗਲਾ, ਵੰਸ਼ ਨਾਥ ਮਾਥੁਰ, ਡਾ. ਲੋਹਿਤ ਸ਼ਰਮਾ, ਡਾ. ਮਾਨਿਕ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ।