July 7, 2024 12:32 pm
Congress President

ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਿੰਗ ਸਮਾਪਤ, 24 ਸਾਲ ਬਾਅਦ ਬਣੇਗਾ ਗੈਰ ਗਾਂਧੀ ਕਾਂਗਰਸ ਪ੍ਰਧਾਨ

ਚੰਡੀਗੜ੍ਹ 17 ਅਕਤੂਬਰ 2022: ਕਾਂਗਰਸ ਪ੍ਰਧਾਨ (Congress President) ਦੀ ਚੋਣ ਲਈ ਵੋਟਿੰਗ ਦੀ ਪ੍ਰੀਕਿਰਿਆ ਖ਼ਤਮ ਹੋ ਚੁੱਕੀ ਹੈ | ਇਸ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਚੋਣ ਲਈ ਡੈਲੀਗੇਟਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।ਪਾਰਟੀ ਦੇ ਪ੍ਰਧਾਨ ਦੀ ਚੋਣ ਲਈ 9,000 ਤੋਂ ਵੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੁਮਾਇੰਦੇ ਵੋਟ ਪਾਉਣ ਦੇ ਯੋਗ ਸਨ। ਇਸ ਦੌਰਾਨ ਖੜਗੇ ਅਤੇ ਥਰੂਰ ਦੋਵਾਂ ਨੇ ਚੋਣਾਂ ਤੋਂ ਪਹਿਲਾਂ ਜ਼ੋਰਦਾਰ ਪ੍ਰਚਾਰ ਕੀਤਾ ਸੀ। ਇਸਦੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ | ਨਤੀਜਿਆਂ ਤੋਂ ਬਾਅਦ ਕਾਂਗਰਸ ਨੂੰ 24 ਸਾਲਾਂ ਬਾਅਦ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਆਗੂ ਪ੍ਰਧਾਨ ਵਜੋਂ ਮਿਲੇਗਾ।

ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਗੁਜਰਾਤ ਹੋਣ ਜਾ ਰਿਹਾ ਹੈ, ਇਸ ਲਈ ਪਾਰਟੀ ਦੇ ਨਵੇਂ ਮੁਖੀ ਨੂੰ ਆਪਣਾ ਕੰਮ ਪੂਰਾ ਕਰਨਾ ਹੋਵੇਗਾ। ਕਾਂਗਰਸ ਪ੍ਰਧਾਨ ਦੀ ਚੋਣ ਅਜਿਹੇ ਸਮੇਂ ‘ਚ ਹੋ ਰਹੀ ਹੈ, ਜਦੋਂ ਕਾਂਗਰਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟ ਪਾਉਣ ਵਾਲਿਆਂ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੀ ਸ਼ਾਮਲ ਸੀ।

ਜਦੋਂ ਮੀਡੀਆ ਵਾਲਿਆਂ ਨੇ ਉਨ੍ਹਾਂ ਤੋਂ ਚੋਣ ਬਾਰੇ ਪੁੱਛਿਆ ਤਾਂ ਸੋਨੀਆ ਗਾਂਧੀ ਨੇ ਕਿਹਾ, ਮੈਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਹਾਂ। ਸੋਨੀਆ ਗਾਂਧੀ ਨੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਮੁੱਖ ਦਫਤਰ ਵਿਖੇ ਆਪਣੀ ਵੋਟ ਪਾਈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੀ ਮਾਂ ਸੋਨੀਆ ਗਾਂਧੀ ਨਾਲ ਵੋਟ ਪਾਈ।