ਚੰਡੀਗੜ੍ਹ 03 ਮਾਰਚ 2022: ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ 2022 ਦੇ ਛੇਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ । ਅੱਜ ਯੂਪੀ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਕਈ ਦਿੱਗਜ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਸ ਦੇ ਲਈ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ । ਸੀਐੱਮ ਯੋਗੀ ਨੇ ਗੋਰਖਪੁਰ ‘ਚ ਆਪਣੀ ਵੋਟ ਪਾਈ, ਜਦਕਿ ਬਲੀਆ ‘ਚ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਪੂਰੇ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ। ਨਿਸ਼ਾਦ ਪਾਰਟੀ ਦੇ ਪ੍ਰਧਾਨ ਸੰਜੇ ਨਿਸ਼ਾਦ, ਕਾਂਗਰਸ ਨੇਤਾ ਅਖਿਲੇਸ਼ ਸਿੰਘ ਸਮੇਤ ਕਈ ਵੱਡੇ ਨੇਤਾਵਾਂ ਨੇ ਆਪਣੀ ਵੋਟ ਪਾਈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਆਪਣੀ ਵੋਟ ਪਾਉਣ ਲਈ ਸਵੇਰੇ ਸੱਤ ਵਜੇ ਗੋਰਖਪੁਰ ਦੇ ਪੋਲਿੰਗ ਬੂਥ ‘ਤੇ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੂਜਾ ਅਰਚਨਾ ਕੀਤੀ। ਆਪਣੀ ਵੋਟ ਪਾਉਣ ਤੋਂ ਬਾਅਦ ਸੀਐਮ ਯੋਗੀ ਨੇ ਕਿਹਾ ਕਿ ਪੰਜ ਪੜਾਵਾਂ ‘ਚ ਹੋਣ ਵਾਲੀਆਂ ਚੋਣਾਂ ‘ਚ ਸੂਬੇ ਦੇ ਲੋਕਾਂ ਨੇ ਆਪਣੇ ਉਤਸ਼ਾਹ ਨਾਲ ਇੱਕ ਚੰਗੀ ਸਰਕਾਰ ਚੁਣਨ ਦੀ ਗੱਲ ਸਾਬਤ ਕਰ ਦਿੱਤੀ ਹੈ। ਹੁਣ ਤੱਕ ਦੇ ਰੁਝਾਨਾਂ ਨੇ ਦਿਖਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਤੋਂ ਕਾਫੀ ਅੱਗੇ ਹੈ। ਅਸੀਂ ਚੋਣਾਂ ਦੇ ਛੇਵੇਂ ਪੜਾਅ ‘ਚ ਜਿੱਤ ਦਾ ਜ਼ਬਰਦਸਤ ਛੱਕਾ ਮਾਰ ਕੇ 300 ਦਾ ਟੀਚਾ ਹਾਸਲ ਕਰਨ ਵੱਲ ਵਧ ਰਹੇ ਹਾਂ। ਸੱਤਵੇਂ ਪੜਾਅ ‘ਚ ਉਹ 2017 ਤੋਂ ਵੀ ਵੱਡੀ ਜਿੱਤ ਦਾ ਨਵਾਂ ਰਿਕਾਰਡ ਬਣਾਉਣ ਜਾ ਰਿਹਾ ਹੈ।