Site icon TheUnmute.com

Wayanad: ਦੱਖਣੀ ਭਾਰਤ ਦੇ ਵੋਟਰਾਂ ਨੇ ਫਿਰ ਦਿੱਤਾ ਗਾਂਧੀ ਪਰਿਵਾਰ ਦਾ ਸਾਥ, ਹੁਣ ਪ੍ਰਿਅੰਕਾ ਗਾਂਧੀ ਦੀ ਜਿੱਤ

Priyanka Gandhi

ਚੰਡੀਗੜ੍ਹ, 23 ਨਵੰਬਰ 2024: ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਦੇ ਚੋਣ ਦੀ ਗਿਣਤੀ ਜਾਰੀ ਹੈ | ਕਾਂਗਰਸ ਦੀ ਉਮੀਦਵਾਰ ਪ੍ਰਿਅੰਕਾ ਗਾਂਧੀ ਆਪਣੀ ਜਿੱਤ ਵੱਲ ਵਧਦੀ ਰਹੀ ਹੈ। ਪ੍ਰਿਅੰਕਾ ਗਾਂਧੀ 4,10,931 ਵੋਟਾਂ ਨਾਲ ਅੱਗੇ ਚੱਲ ਰਹੀ ਹੈ | ਰਾਹੁਲ ਗਾਂਧੀ ਦੇ ਵਾਇਨਾਡ ਸੀਟ ਛੱਡਣ ਤੋਂ ਬਾਅਦ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ (Priyanka Gandhi) ਨੇ ਇੱਥੇ ਚੋਣ ਲੜੀ ਸੀ। ਕਰੀਬ ਸਾਢੇ ਤਿੰਨ ਦਹਾਕਿਆਂ ਦਾ ਸਿਆਸੀ ਤਜਰਬਾ ਰੱਖਣ ਵਾਲੀ ਪ੍ਰਿਅੰਕਾ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰੀ ਹੈ।

ਇਨ੍ਹਾਂ ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਦੱਖਣੀ ਭਾਰਤ ਦੇ ਵੋਟਰਾਂ ਨੇ ਇੱਕ ਵਾਰ ਫਿਰ ਗਾਂਧੀ ਪਰਿਵਾਰ ‘ਤੇ ਭਰੋਸਾ ਜਤਾਇਆ ਹੈ | ਜਿਕਰਯੋਗ ਇਹ ਕਿ ਗਾਂਧੀ ਪਰਿਵਾਰ ਤੋਂ ਪ੍ਰਿਅੰਕਾ ਗਾਂਧੀ ਚੌਥੀ ਮੈਂਬਰ ਹੈ ਜੋ ਦੱਖਣੀ ਭਾਰਤ ‘ਚ ਚੋਣ ਲੜ ਰਹੀ ਹੈ ਅਤੇ ਜਿੱਤ ਦੇ ਕਰੀਬ ਹੈ |

ਜਿਕਰਯੋਗ ਹੈ ਕਿ ਭਾਰਤ ‘ਚ ਐਮਰਜੈਂਸੀ ਲੱਗਣ ਤੋਂ ਬਾਅਦ 1977 ਦੀਆਂ ਆਮ ਚੋਣਾਂ ‘ਚ ਕਾਂਗਰਸ ਵਿਰੋਧੀ ਲਹਿਰ ਸੀ ਅਤੇ ਕਾਂਗਰਸ ਪਾਰਟੀ ਨੂੰ ਦੇਸ਼ ਭਰ ‘ਚ ਹਾਰ ਦਾ ਦਾ ਮੂੰਹ ਦੇਖਣਾ ਪਿਆ | ਉਸ ਵੇਲੇ ਇੰਦਰਾ ਗਾਂਧੀ ਨੂੰ ਰਾਏਬਰੇਲੀ ਲੋਕ ਸਭਾ ਸੀਟ ਤੋਂ ਹਾਰ ਮਿਲੀ।

ਇਸ ਚੋਣ ਤੋਂ ਬਾਅਦ ਇੰਦਰਾ ਗਾਂਧੀ ਨੇ ਦੱਖਣ ਵੱਲ ਦੇਖਿਆ, ਇਸ ਤਰ੍ਹਾਂ ਇੰਦਰਾ ਗਾਂਧੀ ਨੇ 1978 ‘ਚ ਕਰਨਾਟਕ ਦੇ ਚਿਕਮਗਲੂਰ ਤੋਂ ਲੋਕ ਸਭਾ ਚੋਣ ਲੜਨ ਦਾ ਫੈਸਲਾ ਕੀਤਾ। ਇੰਦਰਾ ਗਾਂਧੀ ਚਿਕਮਗਲੂਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣ ਲੜ ਸਕੇ, ਇਸ ਲਈ ਤਤਕਾਲੀ ਕਾਂਗਰਸ ਸੰਸਦ ਡੀਬੀ ਚੰਦਰੇ ਗੌੜਾ ਨੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ। ਇਸ ਚੋਣ ‘ਚ ਇੰਦਰਾ ਨੇ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਕਰਨਾਟਕ ਦੇ ਸਾਬਕਾ ਸੀਐਮ ਵਰਿੰਦਰ ਪਾਟਿਲ ਨੂੰ ਲਗਭਗ 80,000 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ ਅਤੇ ਦੁਬਾਰਾ ਲੋਕ ਸਭਾ ਪਹੁੰਚੀ।

1980 ਦੀਆਂ ਲੋਕ ਸਭਾ ਚੋਣਾਂ ‘ਚ ਇੰਦਰਾ ਗਾਂਧੀ ਨੇ ਉੱਤਰ ਪ੍ਰਦੇਸ਼ ‘ਚ ਰਾਏਬਰੇਲੀ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੀ ਮੇਡਕ ਸੀਟ ਤੋਂ ਚੋਣ ਲੜੀ ਅਤੇ ਦੋਵੇਂ ਸੀਟਾਂ ਵੱਡੇ ਫਰਕ ਨਾਲ ਜਿੱਤੀਆਂ। ਇੰਦਰਾ ਨੇ ਰਾਏਬਰੇਲੀ ਤੋਂ ਅਸਤੀਫਾ ਦੇ ਦਿੱਤਾ ਅਤੇ ਮੇਡਕ ਦੀ ਪ੍ਰਤੀਨਿਧੀ ਬਣੀ ਰਹੀ। ਜਿੱਤ ਦੇ ਨਾਲ ਹੀ ਇੰਦਰਾ ਦੇਸ਼ ਦੀ ਪ੍ਰਧਾਨ ਮੰਤਰੀ ਵੀ ਬਣ ਗਈ।

ਇਸ ਤੋਂ ਬਾਅਦ ਸਾਲ 1999 ‘ਚ ਇੰਦਰਾ ਗਾਂਧੀ ਦੀ ਨੂੰਹ ਸੋਨੀਆ ਗਾਂਧੀ ਨੇ ਪਹਿਲੀ ਵਾਰ ਚੋਣ ਲੜੀ । 1999 ‘ਚ ਸੋਨੀਆ ਨੇ ਨਹਿਰੂ-ਗਾਂਧੀ ਪਰਿਵਾਰ ਦੇ ਰਵਾਇਤੀ ਗੜ੍ਹ ਅਮੇਠੀ ਤੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਇੱਕ ਸੁਰੱਖਿਅਤ ਸੀਟ ਦੀ ਵੀ ਲੋੜ ਸੀ ਕਿਉਂਕਿ ਉਸ ਸਮੇਂ ਉੱਤਰ ਪ੍ਰਦੇਸ਼ ‘ਚ ਭਾਜਪਾ ਸੱਤਾ ‘ਚ ਸੀ। ਆਖ਼ਰਕਾਰ ਸੋਨੀਆ ਗਾਂਧੀ ਨੇ ਕਰਨਾਟਕ ਦੀ ਬੇਲਾਰੀ ਲੋਕ ਸਭਾ ਸੀਟ ਤੋਂ ਚੋਣ ਵੀ ਲੜੀ। ਸੋਨੀਆ ਨੂੰ ਚੁਣੌਤੀ ਦੇਣ ਲਈ ਭਾਜਪਾ ਨੇ ਸੁਸ਼ਮਾ ਸਵਰਾਜ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਇਨ੍ਹਾਂ ਚੋਣਾਂ ‘ਚ ਸੋਨੀਆ 56,000 ਵੋਟਾਂ ਦੇ ਫਰਕ ਨਾਲ ਜਿੱਤ ਗਈ। ਸੋਨੀਆ ਗਾਂਧੀ ਨੇ ਬਾਅਦ ‘ਚ ਬੇਲਾਰੀ ਸੀਟ ਤੋਂ ਅਸਤੀਫਾ ਦੇ ਦਿੱਤਾ ਅਤੇ ਅਮੇਠੀ ਨੂੰ ਸੰਭਾਲ ਲਿਆ।

ਦੂਜੇ ਪਾਸੇ 2019 ਤੋਂ ਬਾਅਦ ਰਾਹੁਲ ਗਾਂਧੀ ਨੇ 2024 ‘ਚ ਵੀ ਦੋ ਸੀਟਾਂ ਤੋਂ ਚੋਣ ਲੜੀ ਸੀ। ਇਸ ਵਾਰ ਕਾਂਗਰਸ ਆਗੂ ਨੇ ਅਮੇਠੀ ਦੀ ਬਜਾਏ ਆਪਣੇ ਮਾਤਾ ਸੋਨੀਆ ਗਾਂਧੀ ਦੀ ਰਾਏਬਰੇਲੀ ਸੀਟ ਤੋਂ ਚੋਣ ਲੜੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੇਰਲ ਦੇ ਵਾਇਨਾਡ ਤੋਂ ਵੀ ਚੋਣ ਲੜੀ ਸੀ। ਇਨ੍ਹਾਂ ਦੋਵਾਂ ਸੀਟਾਂ ਦੇ ਨਤੀਜੇ ਕਾਂਗਰਸੀ ਆਗੂ ਦੇ ਹੱਕ ‘ਚ ਆਏ। ਹਾਲਾਂਕਿ, ਰਾਹੁਲ ਨੇ ਰਾਏਬਰੇਲੀ ਸੀਟ ਬਰਕਰਾਰ ਰੱਖੀ ਅਤੇ ਵਾਇਨਾਡ ਸੀਟ ਤੋਂ ਅਸਤੀਫਾ ਦੇ ਦਿੱਤਾ।

ਰਾਹੁਲ ਗਾਂਧੀ ਦੇ ਅਸਤੀਫੇ ਕਾਰਨ ਖਾਲੀ ਹੋਈ ਵਾਇਨਾਡ ਸੀਟ ‘ਤੇ ਲੋਕ ਸਭਾ ਚੋਣ ਹੋਈ। ਇਸ ਲੋਕ ਸਭਾ ‘ਚ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ (Priyanka Gandhi) ਨੇ ਚੋਣ ਲੜੀ ਸੀ। ਇਸ ਚੋਣ ‘ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਦਾ ਮੁਕਾਬਲਾ ਸੀਪੀਆਈ ਦੇ ਸੱਤਿਆਨ ਮੋਕੇਰੀ ਅਤੇ ਭਾਜਪਾ ਦੇ ਨਵਿਆ ਹਰੀਦਾਸ ਨਾਲ ਸੀ।

Exit mobile version