Site icon TheUnmute.com

ICC ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 6ਵੇਂ ਨੰਬਰ ‘ਤੇ ਪੁੱਜੇ ਵਿਰਾਟ ਕੋਹਲੀ, ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਮਿਲਿਆ ਫਾਇਦਾ

Virat Kohli

ਚੰਡੀਗੜ੍ਹ, 10 ਜਨਵਰੀ 2024: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ICC ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 6ਵੇਂ ਨੰਬਰ ‘ਤੇ ਪਹੁੰਚ ਗਏ ਹਨ। ਹਾਲ ਹੀ ‘ਚ ਦੱਖਣੀ ਅਫਰੀਕਾ ਦੌਰੇ ਦੌਰਾਨ ਵਿਰਾਟ ਭਾਰਤ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ, ਉਨ੍ਹਾਂ ਨੇ 172 ਦੌੜਾਂ ਬਣਾਈਆਂ ਸਨ। ਇਸ ਪ੍ਰਦਰਸ਼ਨ ਦੀ ਬਦੌਲਤ ਉਹ 3 ਸਥਾਨਾਂ ਦਾ ਫਾਇਦਾ ਲੈ ਕੇ 9ਵੇਂ ਤੋਂ 6ਵੇਂ ਸਥਾਨ ‘ਤੇ ਪਹੁੰਚ ਗਿਆ ਹੈ ।

ਵਿਰਾਟ (Virat Kohli) ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਵੀ 4 ਸਥਾਨਾਂ ਦੀ ਛਲਾਂਗ ਲਗਾ ਕੇ 10ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ‘ਚ ਜਸਪ੍ਰੀਤ ਬੁਮਰਾਹ ਇਕ ਸਥਾਨ ਦੇ ਫਾਇਦੇ ਨਾਲ 4ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ‘ਚ ਰਵੀਚੰਦਰਨ ਅਸ਼ਵਿਨ ਚੋਟੀ ‘ਤੇ ਬਰਕਰਾਰ ਹਨ।

ਵਿਰਾਟ ਕੋਹਲੀ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 9ਵੇਂ ਨੰਬਰ ‘ਤੇ ਸਨ। ਪਹਿਲੇ ਹੀ ਮੈਚ ‘ਚ ਉਸ ਨੇ 38 ਅਤੇ 76 ਦੌੜਾਂ ਦੀ ਪਾਰੀ ਖੇਡੀ ਸੀ। ਦੂਜੇ ਮੈਚ ‘ਚ ਜਿੱਥੇ ਭਾਰਤ ਦੇ 7 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਉੱਥੇ ਹੀ ਵਿਰਾਟ 46 ਦੌੜਾਂ ਬਣਾ ਕੇ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਉਸ ਨੇ ਦੂਜੀ ਪਾਰੀ ਵਿੱਚ 12 ਦੌੜਾਂ ਬਣਾਈਆਂ। ਵਿਰਾਟ ਸੀਰੀਜ਼ ‘ਚ 172 ਦੌੜਾਂ ਬਣਾ ਕੇ ਭਾਰਤੀ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸ ਤੋਂ ਬਾਅਦ ਕੇਐਲ ਰਾਹੁਲ ਟੀਮ ਦੇ ਦੂਜੇ ਸਭ ਤੋਂ ਵੱਧ ਸਕੋਰਰ ਸਨ।

Exit mobile version