ਚੰਡੀਗੜ੍ਹ,11 ਸਤੰਬਰ, 2023: ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਐਤਵਾਰ (10 ਸਤੰਬਰ) ਨੂੰ ਏਸ਼ੀਆ ਕੱਪ ਦੇ ਸੁਪਰ-4 ਵਿੱਚ ਖੇਡਣ ਆਈਆਂ। ਮੀਂਹ ਕਾਰਨ ਐਤਵਾਰ ਨੂੰ ਮੈਚ ਪੂਰਾ ਨਹੀਂ ਹੋ ਸਕਿਆ ਸੀ, ਇਸ ਲਈ ਦੋਵੇਂ ਟੀਮਾਂ ਸੋਮਵਾਰ ਨੂੰ ਰਿਜ਼ਰਵ ਡੇਅ ‘ਤੇ ਖੇਡੀਆਂ। ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਇਸ ਮੈਚ ਨੂੰ ਖਾਸ ਬਣਾਇਆ। ਵਿਰਾਟ ਨੇ ਵਨਡੇ ‘ਚ ਆਪਣੀਆਂ 13 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਕੋਹਲੀ ਨੇ ਪਾਕਿਸਤਾਨ ਖਿਲਾਫ ਸ਼ਾਨਦਾਰ ਪਾਰੀ ਖੇਡੀ। ਉਹ ਵਨਡੇ ‘ਚ 13 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ।
ਵਿਰਾਟ ਕੋਹਲੀ (Virat Kohli) ਤੋਂ ਪਹਿਲਾਂ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ, ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਅਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ 13 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਹਾਲਾਂਕਿ ਵਿਰਾਟ ਕੋਹਲੀ ਇਕ ਮਾਮਲੇ ‘ਚ ਇਨ੍ਹਾਂ ਸਾਰੇ ਦਿੱਗਜਾਂ ਤੋਂ ਅੱਗੇ ਨਿਕਲ ਗਏ। ਉਹ ਸਭ ਤੋਂ ਘੱਟ ਪਾਰੀਆਂ ਵਿੱਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਮਾਮਲੇ ‘ਚ ਵਿਰਾਟ ਨੇ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।
ਕੋਹਲੀ ਦੇ ਕਰੀਅਰ ਦਾ 47ਵਾਂ ਸੈਂਕੜਾ
ਕੋਹਲੀ (Virat Kohli) ਦੇ ਵਨਡੇ ਕਰੀਅਰ ਦਾ ਇਹ 47ਵਾਂ ਸੈਂਕੜਾ ਹੈ। ਉਹ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ ਸਿਰਫ਼ ਦੋ ਕਦਮ ਦੂਰ ਹੈ। ਤੇਂਦੁਲਕਰ ਨੇ 463 ਵਨਡੇ ਮੈਚਾਂ ‘ਚ 49 ਸੈਂਕੜੇ ਲਗਾਏ ਹਨ। ਕੋਹਲੀ ਨੇ 278 ਮੈਚਾਂ ‘ਚ 47 ਸੈਂਕੜੇ ਲਗਾਏ ਹਨ। ਵਿਰਾਟ ਨੂੰ ਅਜੇ ਏਸ਼ੀਆ ਕੱਪ ‘ਚ ਘੱਟੋ-ਘੱਟ ਦੋ ਹੋਰ ਮੈਚ ਖੇਡਣੇ ਹਨ। ਜੇਕਰ ਭਾਰਤੀ ਟੀਮ ਫਾਈਨਲ ‘ਚ ਪਹੁੰਚਦੀ ਹੈ ਤਾਂ ਉਸ ਨੂੰ ਤਿੰਨ ਮੈਚ ਮਿਲਣਗੇ। ਅਜਿਹੇ ‘ਚ ਵਿਰਾਟ ਇਸ ਟੂਰਨਾਮੈਂਟ ਦੌਰਾਨ ਹੀ ਤੇਂਦੁਲਕਰ ਦੀ ਬਰਾਬਰੀ ਕਰ ਸਕਦਾ ਹੈ ਜਾਂ ਉਸ ਤੋਂ ਵੀ ਅੱਗੇ ਨਿਕਲ ਸਕਦਾ ਹੈ।
ਰੋਹਿਤ ਸ਼ਰਮਾ ਤੇਂਦੁਲਕਰ-ਕੋਹਲੀ ਤੋਂ ਕਾਫ਼ੀ ਪਿੱਛੇ
ਤੇਂਦੁਲਕਰ ਅਤੇ ਕੋਹਲੀ ਤੋਂ ਬਾਅਦ ਸਭ ਤੋਂ ਵੱਧ ਵਨਡੇ ਸੈਂਕੜੇ ਲਗਾਉਣ ਵਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਹਨ। ਰੋਹਿਤ ਨੇ 247 ਮੈਚਾਂ ‘ਚ 30 ਸੈਂਕੜੇ ਅਤੇ ਪੋਂਟਿੰਗ ਨੇ 375 ਮੈਚਾਂ ‘ਚ 30 ਸੈਂਕੜੇ ਲਗਾਏ ਹਨ। ਪੋਂਟਿੰਗ ਸੰਨਿਆਸ ਲੈ ਚੁੱਕੇ ਹਨ । ਇਨ੍ਹਾਂ ਦੋਵਾਂ ਤੋਂ ਬਾਅਦ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਪੰਜਵੇਂ ਸਥਾਨ ‘ਤੇ ਹਨ। ਉਨ੍ਹਾਂ ਨੇ 445 ਮੈਚਾਂ ‘ਚ 28 ਸੈਂਕੜੇ ਲਗਾਏ ਹਨ।