Virat Kohli

ਵਿਰਾਟ ਕੋਹਲੀ ਤੇ ਸੂਰਿਆ ਕੁਮਾਰ ਯਾਦਵ ਨੂੰ ਟੀ-20 ਵਿਸ਼ਵ ਕੱਪ ਦੇ “ਪਲੇਅਰ ਆਫ ਦਿ ਟੂਰਨਾਮੈਂਟ” ਐਵਾਰਡ ਲਈ ਕੀਤਾ ਨਾਮਜ਼ਦ

ਚੰਡੀਗੜ੍ਹ 11 ਨਵੰਬਰ 2022: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਅਤੇ ਸੂਰਿਆ ਕੁਮਾਰ ਯਾਦਵ (Surya Kumar Yadav) ਨੂੰ ਟੀ-20 ਵਿਸ਼ਵ ਕੱਪ (T20 World Cup) ਲਈ “ਪਲੇਅਰ ਆਫ ਦਿ ਟੂਰਨਾਮੈਂਟ” ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਦੇ ਨਾਲ ਹੀ ਸੱਤ ਹੋਰ ਖਿਡਾਰੀਆਂ ਨੂੰ ਆਈਸੀਸੀ ਨੇ ਨਾਮਜ਼ਦ ਕੀਤਾ ਹੈ। ਫਾਈਨਲ 13 ਨਵੰਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੂਰਨਾਮੈਂਟ ਦੇ ਸਾਰੇ ਇਨਾਮ ਦਿੱਤੇ ਜਾਣਗੇ।

ਪਲੇਅਰ ਆਫ ਦਿ ਟੂਰਨਾਮੈਂਟ ਐਵਾਰਡ ਲਈ ਨੌਂ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀਆਂ-ਆਪਣੀਆਂ ਟੀਮਾਂ ਨੂੰ ਟੂਰਨਾਮੈਂਟ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸੂਚੀ ਵਿੱਚ ਸਭ ਤੋਂ ਵੱਧ ਤਿੰਨ ਖਿਡਾਰੀ ਇੰਗਲੈਂਡ ਦੇ ਹਨ। ਭਾਰਤ ਅਤੇ ਪਾਕਿਸਤਾਨ ਦੇ ਦੋ-ਦੋ ਖਿਡਾਰੀ ਹਨ, ਸ੍ਰੀਲੰਕਾ ਅਤੇ ਜ਼ਿੰਬਾਬਵੇ ਦਾ ਇੱਕ-ਇੱਕ ਖਿਡਾਰੀ ਹੈ। ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਪਲੇਅਰ ਆਫ ਦਿ ਟੂਰਨਾਮੈਂਟ ਦਾ ਪੁਰਸਕਾਰ ਦਿੱਤਾ ਜਾਵੇਗਾ।

ਵਿਰਾਟ ਕੋਹਲੀ (Virat Kohli) ਨੇ ਇਸ ਵਿਸ਼ਵ ਕੱਪ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਟੀਮ ਨੂੰ ਸੈਮੀਫਾਈਨਲ ‘ਚ ਪਹੁੰਚਾਉਣ ‘ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਕੋਹਲੀ ਇਸ ਸਮੇਂ ਟੀ-20 ਵਿਸ਼ਵ ਕੱਪ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਟੂਰਨਾਮੈਂਟ ਵਿੱਚ ਛੇ ਮੈਚਾਂ ਵਿੱਚ 98.67 ਦੀ ਔਸਤ ਅਤੇ 136.41 ਦੀ ਸਟ੍ਰਾਈਕ ਰੇਟ ਨਾਲ 296 ਦੌੜਾਂ ਬਣਾਈਆਂ। ਇਨ੍ਹਾਂ ਵਿੱਚ ਚਾਰ ਅਰਧ ਸੈਂਕੜੇ ਸ਼ਾਮਲ ਹਨ। ਕੋਹਲੀ ਨੇ ਪਾਕਿਸਤਾਨ ਖਿਲਾਫ ਮੈਚ ਜੇਤੂ ਪਾਰੀ ਖੇਡੀ। ਕੋਹਲੀ ਦੇ ਆਸਪਾਸ ਵੀ ਕੋਈ ਬੱਲੇਬਾਜ਼ ਨਹੀਂ ਹੈ।

ਸੂਰਿਆ ਕੁਮਾਰ ਯਾਦਵ ਵੀ ਇਸ ਟੂਰਨਾਮੈਂਟ ‘ਚ ਸ਼ਾਨਦਾਰ ਫਾਰਮ ‘ਚ ਸਨ। ਸੂਰਿਆ ਨੇ ਛੇ ਮੈਚਾਂ ਵਿੱਚ 59.75 ਦੀ ਔਸਤ ਅਤੇ 189.68 ਦੀ ਸਟ੍ਰਾਈਕ ਰੇਟ ਨਾਲ 239 ਦੌੜਾਂ ਬਣਾਈਆਂ। ਇਸ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਸਟ੍ਰਾਈਕ ਰੇਟ ਫਿਲਹਾਲ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਹੈ। ਸੂਰਿਆਕੁਮਾਰ ਨੇ ਇਸ ਟੂਰਨਾਮੈਂਟ ‘ਚ ਕੁਝ ਸ਼ਾਨਦਾਰ ਸ਼ਾਟ ਲਗਾਏ। ਇਨ੍ਹਾਂ ਵਿੱਚ ਸਕੂਪ ਅਤੇ ਰੈਂਪਾ ਸ਼ਾਟ ਸ਼ਾਮਲ ਹਨ। ਸੂਰਿਆ ਫਿਲਹਾਲ ਆਈਸੀਸੀ ਟੀ-20 ਰੈਂਕਿੰਗ ‘ਚ ਨੰਬਰ ਇਕ ਬੱਲੇਬਾਜ਼ ਹੈ।

Scroll to Top