July 5, 2024 2:12 am
Vadodara

ਦੀਵਾਲੀ ਦੀ ਰਾਤ ਵਡੋਦਰਾ ‘ਚ ਦੋ ਗੁੱਟਾਂ ਦਰਮਿਆਨ ਹਿੰਸਕ ਝੜਪ, ਪੁਲਿਸ ਨੇ 19 ਜਣਿਆਂ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ 25 ਅਕਤੂਬਰ 2022: ਦੀਵਾਲੀ ਦੀ ਦੇਰ ਰਾਤ ਗੁਜਰਾਤ ਦੇ ਵਡੋਦਰਾ (Vadodara) ਵਿੱਚ ਦੋ ਗੁੱਟਾਂ ਦਰਮਿਆਨ ਹਿੰਸਕ ਝੜਪਾਂ ਹੋ ਗਈਆਂ। ਇਸ ਝੜਪ ਦੌਰਾਨ ਦੋਵੇਂ ਧਿਰਾਂ ਵਿੱਚ ਕਾਫੀ ਪਥਰਾਅ ਅਤੇ ਅੱਗਜ਼ਨੀ ਵੀ ਹੋਈ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਪੁਲਿਸ ਦੇ ਸਾਹਮਣੇ ਪੈਟਰੋਲ ਬੰਬ ਵੀ ਸੁੱਟੇ। ਇਹ ਘਟਨਾ ਪਾਣੀਗੇਟ ਦੇ ਮੁਸਲਿਮ ਮੈਡੀਕਲ ਸੈਂਟਰ ਨੇੜੇ ਦੱਸੀ ਜਾ ਰਹੀ ਹੈ। ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਸਾਰਿਆਂ ਨੇ ਸਟਰੀਟ ਲਾਈਟਾਂ ‘ਤੇ ਪੱਥਰ ਸੁੱਟ ਕੇ ਹੰਗਾਮਾ ਕਰ ਦਿੱਤਾ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਯਸ਼ਪਾਲ ਜਗਨਿਆ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ 19 ਜਣਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਸਾਰਿਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਡੀਸੀਪੀ ਨੇ ਕਿਹਾ ਕਿ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਸ਼ਮਦੀਦ ਗਵਾਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸਦੇ ਨਾਲ ਹੀ ਵਡੋਦਰਾ ਦੇ ਡੀਸੀਪੀ ਨੇ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਸ਼ਹਿਰ ਵਿੱਚ ਕਿਸੇ ਨੂੰ ਵੀ ਹੰਗਾਮਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਨਾਲ ਹੀ ਪੈਟਰੋਲ ਬੰਬ ਹਮਲੇ ‘ਚ ਇਕ ਅਧਿਕਾਰੀ ਵਾਲ-ਵਾਲ ਬਚ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਕ ਦੂਜੇ ‘ਤੇ ਪਟਾਕੇ ਚਲਾਉਣ ਅਤੇ ਰਾਕੇਟ ਬੰਬ ਸੁੱਟਣ ਦੇ ਮੁੱਦੇ ਤੋਂ ਬਾਅਦ ਦੋ ਭਾਈਚਾਰਿਆਂ ਦੇ ਲੋਕਾਂ ਨੇ ਇਕ ਦੂਜੇ ‘ਤੇ ਪਥਰਾਅ ਕੀਤਾ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਦੋਵਾਂ ਗੁੱਟਾਂ ਦੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।