July 4, 2024 8:15 pm
Assam-Meghalaya border

ਅਸਾਮ-ਮੇਘਾਲਿਆ ਸਰਹੱਦ ‘ਤੇ ਭੜਕੀ ਹਿੰਸਾ, ਜੰਗਲਾਤ ਗਾਰਡ ਸਮੇਤ ਛੇ ਜਣਿਆਂ ਦੀ ਮੌਤ

ਚੰਡੀਗੜ੍ਹ 22 ਨਵੰਬਰ, 2022: ਅਸਾਮ-ਮੇਘਾਲਿਆ ਸਰਹੱਦ (Assam-Meghalaya border) ‘ਤੇ ਲੱਕੜ ਦੀ ਤਸਕਰੀ ਨੂੰ ਰੋਕਦੇ ਹੋਏ ਮੰਗਲਵਾਰ ਤੜਕੇ ਹਿੰਸਾ ਭੜਕ ਗਈ। ਹਿੰਸਾ ਵਿੱਚ ਇੱਕ ਜੰਗਲਾਤ ਗਾਰਡ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਦੱਸਿਆ ਕਿ ਅਸਾਮ-ਮੇਘਾਲਿਆ ਸਰਹੱਦ ‘ਤੇ ਗੈਰ-ਕਾਨੂੰਨੀ ਲੱਕੜ ਲੈ ਕੇ ਜਾ ਰਹੇ ਇਕ ਟਰੱਕ ਨੂੰ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਹਿੰਸਾ ਸ਼ੁਰੂ ਹੋਈ। ਸਾਵਧਾਨੀ ਦੇ ਤੌਰ ‘ਤੇ 7 ਜ਼ਿਲਿਆਂ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸਾਂਗ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਹਿੰਸਾ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸਾਂ ਨੂੰ ਐਕਸ-ਗ੍ਰੇਸ਼ੀਆ (ਮੁਆਵਜ਼ਾ) ਵਜੋਂ 5 ਲੱਖ ਰੁਪਏ ਦਿੱਤੇ ਜਾਣਗੇ।

ਇਮਦਾਦ ਅਲੀ, ਪੁਲਿਸ ਸੁਪਰਡੈਂਟ, ਪੱਛਮੀ ਕਾਰਬੀ ਐਂਗਲੌਂਗ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਆਸਾਮ ਦੇ ਜੰਗਲਾਤ ਵਿਭਾਗ ਨੇ ਮੇਘਾਲਿਆ ਸਰਹੱਦ ‘ਤੇ ਟਰੱਕ ਨੂੰ ਰੋਕਿਆ ਸੀ। ਟਰੱਕ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਰੋਕਣ ਲਈ ਜੰਗਲਾਤ ਗਾਰਡਾਂ ਨੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀ ਨੇ ਅੱਗੇ ਦੱਸਿਆ ਕਿ ਗੋਲੀਬਾਰੀ ‘ਚ ਟਰੱਕ ਦਾ ਟਾਇਰ ਪੈਂਚਰ ਹੋ ਗਿਆ। ਜੰਗਲਾਤ ਗਾਰਡਾਂ ਨੇ ਟਰੱਕ ਡਰਾਈਵਰ ਸਮੇਤ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ। ਹਾਲਾਂਕਿ ਬਾਕੀ ਭੱਜਣ ਵਿੱਚ ਕਾਮਯਾਬ ਹੋ ਗਏ।

ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਨਜ਼ਦੀਕੀ ਪੁਲਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ ਅਤੇ ਵਾਧੂ ਪੁਲਿਸ ਫੋਰਸ ਦੀ ਮੰਗ ਕੀਤੀ ਗਈ ਹੈ। ਸਵੇਰੇ ਪੰਜ ਵਜੇ ਜਿਵੇਂ ਹੀ ਪੁਲਿਸ ਪਹੁੰਚੀ ਤਾਂ ਕੁੱਝ ਸਥਾਨਕ ਲੋਕ ਹੱਥਾਂ ਵਿੱਚ ਹਥਿਆਰ ਲੈ ਕੇ ਉੱਥੇ ਪਹੁੰਚ ਗਏ। ਤਸਕਰਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੀੜ ਨੇ ਜੰਗਲਾਤ ਗਾਰਡਾਂ ਅਤੇ ਪੁਲਿਸ ਨੂੰ ਘੇਰ ਲਿਆ। ਬਚਾਅ ‘ਚ ਭੀੜ ‘ਤੇ ਗੋਲੀ ਚਲਾਉਣੀ ਪਈ।