ਨਵੀਂ ਦਿੱਲੀ ,16 ਮਈ 2023 (ਦਵਿੰਦਰ ਸਿੰਘ): ਵਿਕਰਮਜੀਤ ਸਿੰਘ ਸਾਹਨੀ (Vikramjit Singh Sahney), ਮੈਂਬਰ ਪਾਰਲੀਮੈਂਟ ਨੇ ਜੋ ਕਿ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਵੀ ਇੰਟਰਨੈਸ਼ਨਲ ਪ੍ਰਧਾਨ ਹਨ, ਮੰਗ ਕੀਤੀ ਹੈ ਕਿ ਬਰਤਾਨੀਆਂ ਸਰਕਾਰ ਕੋਹੇਨੂਰ ਹੀਰਾ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਭਾਰਤ ਨੂੰ ਵਾਪਸ ਕਰੇ।
ਉਹਨਾਂ ਨੇ ਕਿੰਗ ਚਾਰਲਸ ।।। ਅਤੇ ਉਹਨਾਂ ਦੀ ਪਤਨੀ ਮਹਾਰਾਣੀ ਕੈਮਿਲਾ ਦੇ ਵਤੀਰੇ ਦੀ ਪ੍ਰਸੰਸਾ ਕੀਤੀ ਕਿ ਉਹਨਾਂ ਨੇ ਕੋਹੇਨੂਰ ਹੀਰਾ ਨਹੀ ਪਹਿਨਿਆਂ ਕਿਉਕਿ ਉਹ 105 ਕੈਰਟ ਦੇ ਇਸ ਹੀਰੇ ਪ੍ਰਤੀ ਸੰਵੇਦਨਾਵਾਂ ਨੂੰ ਸਮਝਦੇ ਹਨ।ਸ੍ਰ ਸਾਹਨੀ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਹੀਰਾ 1843 ਵਿੱਚ ਸ਼ਾਹ ਸ਼ੁਜਾ ਦੁਰਾਨੀ ਤੋਂ ਹਾਸਿਲ ਕੀਤਾ ਸੀ ਜਦਕਿ 1849 ਵਿੱਚ ਮਹਾਰਾਜਾ ਦੀ ਮੌਤ ਮਗਰੋਂ ਬਰਤਾਨਵੀ ਹਕੂਮਤ ਨੇ ਇਹ ਹੀਰਾ ਮਹਾਰਾਜਾ ਦਲੀਪ ਸਿੰਘ ਤੌ ਹਥਿਆ ਲਿਆ ਸੀ ਜਦੋ ਉਹਨਾਂ ਦੀ ਉਮਰ ਕੇਵਲ ਦਸ ਸਾਲ ਸੀ।ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਪੱਛਮ ਵਿੱਚ ਖੈਬਰ ਪਾਸ ਤੋਂ ਉਤਰ ਵਿੱਚ ਕਸ਼ਮੀਰ, ਦੱਖਣ ਵਿੱਚ ਸਿੰਧ ਅਤੇ ਪੂਰਬ ਵਿੱਚ ਤਿੱਬਤ ਤੱਕ ਫੈਲਿਆ ਹੋਇਆ ਸੀ। ਉਹਨਾਂ ਨੇ 1799 ਤੋਂ 1849 ਤੱਕ ਮਿਸਾਲ ਭਰਿਆ ਧਰਮ ਨਿਰਪੱਖ ਰਾਜ ਭਾਗ ਚਲਾਇਆ।
ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਨੇ ਇਹ ਵੀ ਮੰਗ ਕੀਤੀ ਕਿ ਇਸ ਸਮੇਂ ਵਿਕਟੋਰੀਆ ਐਂਡ ਐਲਬਰਟ ਮਿਊਜ਼ਿਮ ਜਿਸਨੂੰ ਪਹਿਲਾ ਸਾਊਥ ਕੇਸਿੰਗਟਨ ਮਿਊਜਮ ਵੀ ਕਿਹਾ ਜਾਂਦਾ ਸੀ, ਵਿੱਚ ਪਿਆ ਮਹਾਰਾਜੇ ਦਾ ਸੋਨੇ ਦਾ ਸਿੰਘਾਸਨ ਵੀ ਭਾਰਤ ਵਾਪਸ ਭੇਜਿਆ ਜਾਵੇ। ਕਿਉਂਕਿ ਬਰਤਾਨੀਆ ਸਰਕਾਰ ਨੇ ਕਈ ਕਲਾ ਵਸਤਾਂ ਗਰੀਸ , ਨਾਈਜੀਰੀਆ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਨੂੰ ਵਾਪਸ ਕੀਤੀਆਂ ਹਨ ਜੋ ਕਿ ਉਹਨਾਂ ਬਸਤੀਵਾਦੀ ਹਕੂਮਤ ਸਮੇਂ ਹਥਿਆ ਲਈਆਂ ਸਨ।
ਸਾਹਨੀ ਨੇ ਕਿਹਾ ਕਿ ਵਰਤਮਾਨ ਸਮੇਂ ਕੋਹੇਨੂਰ ਹੀਰਾ ਲੋਕਾਂ ਦੇ ਦੇਖਣ ਲਈ ਲੰਡਨ ਟਾਵਰ ਦੇ ਜਿਊਲ ਹਾਊਸ ਵਿਚ ਰੱਖਿਆ ਗਿਆ ਹੈ। ਭਾਰਤ ਵਿੱਚ ਰਾਜ ਕਰਦਿਆਂ ਬਰਤਾਨੀਆ ਭਾਰਤ ਤੋਂ ਕਈ ਕੀਮਤੀ ਵਸਤਾਂ ਲੈ ਗਿਆ ਸੀ ਜੋ ਸਾਨੂੰ ਹਾਲੇ ਵਾਪਸ ਨਹੀਂ ਮਿਲੀਆਂ। ਪਰ ਇਤਹਾਸ ਨੂੰ ਭੁੱਲ ਕੇ ਬਰਤਾਨੀਆ ਵਲੋ ਕੋਹੇਨੂਰ ਹੀਰਾ ਅਤੇ ਮਹਾਰਾਜੇ ਦਾ ਸੋਨੇ ਦਾ ਸਿੰਘਾਸਨ ਵਾਪਸ ਕਰਨਾ ਇਕ ਵਧੀਆ ਸੰਦੇਸ਼ ਹੋਵੇਗਾ ਅਤੇ ਇਸ ਨਾਲ ਭਾਰਤ ਤੇ ਬਰਤਾਨੀਆ ਵਿਚਕਾਰ ਆਪਸੀ ਸਮਾਜਿਕ-ਸੱਭਿਆਚਾਰੀ ਸਬੰਧ ਮਜ਼ਬੂਤ ਹੋਣਗੇ।