June 30, 2024 10:43 pm
ਵਿਜੀਲੈਂਸ

ਵਿਜੀਲੈਂਸ ਵਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮਾਲ ਪਟਵਾਰੀ ਤੇ ਉਸਦੇ ਨਿੱਜੀ ਸਹਾਇਕ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ

ਚੰਡੀਗੜ੍ਹ 04 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧ ਚਲਾਈ ਮੁਹਿੰਮ ਦੌਰਾਨ ਅੱਜ ਮਾਲ ਹਲਕਾ ਪੱਲਾ ਮੇਘਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਮਾਲ ਪਟਵਾਰੀ ਅਮਰੀਕ ਸਿੰਘ ਅਤੇ ਉਸਦੇ ਮੁਨਸ਼ੀ ਜਰਨੈਲ ਸਿੰਘ ਖਿਲਾਫ ਕ੍ਰਮਵਾਰ 10,000 ਅਤੇ 50,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਇਹ ਮੁਕੱਦਮਾ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉਤੇ ਜਗਤਾਰ ਸਿੰਘ ਵਾਸੀ ਪਿੰਡ ਲੰਗੇਆਣਾ, ਫਿਰੋਜ਼ਪੁਰ ਵਲੋਂ ਕੀਤੀ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਤਿਆਰ ਕੀਤੀ ਜਾਂਚ ਰਿਪੋਰਟ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਦਰਜ ਕੀਤਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਅਤੇ ਉਸਦਾ ਕਾਰਿੰਦਾ ਉਸਦੀ ਜ਼ਮੀਨ ਦਾ ਇੰਤਕਾਲ ਦਰਜ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਕਤ ਨਿੱਜੀ ਵਿਅਕਤੀ ਨੇ ਪਟਵਾਰੀ ਦੀ ਤਰਫੋਂ ਉਸਦੀ ਪੁਸ਼ਤੈਨੀ ਜ਼ਮੀਨ ਦੇ ਇੰਤਕਾਲ ਅਤੇ ਗਿਰਦਾਵਰੀ ਦੀਆਂ ਨਕਲਾਂ ਦੇਣ ਲਈ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਅਤੇ ਉਸ ਨੇ ਫੋਨ ‘ਤੇ ਇਹ ਸਾਰੀ ਗੱਲਬਾਤ ਰਿਕਾਰਡ ਕਰ ਲਈ ਹੈ।

ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਅਮਨ ਮਸੀਹ, ਰੀਡਰ ਟੂ ਤਹਿਸੀਲਦਾਰ, ਫਿਰੋਜ਼ਪੁਰ ਅਤੇ ਸੁਰਜੀਤ ਸਿੰਘ, ਸਰਕਲ ਕਾਨੂੰਗੋ, ਹਲਕਾ ਆਰਿਫਕੇ, ਫਿਰੋਜ਼ਪੁਰ ਦੇ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ।

ਵਧੇਰੇ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੰਗਰੇਜ ਸਿੰਘ ਵਾਸੀ ਪਿੰਡ ਦੁੱਲਾ ਸਿੰਘ ਵਾਲਾ, ਫਿਰੋਜ਼ਪੁਰ ਨੇ ਉਕਤ ਦੋਸ਼ੀਆਂ ਖਿਲਾਫ ਟੋਲ ਫਰੀ ਐਂਟੀ ਕੁਰੱਪਸ਼ਨ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਹੈ | ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਜ਼ਮੀਨ ਦਾ ਕਬਜ਼ਾ ਦਿਵਾਉਣ ਬਾਰੇ ਅਦਾਲਤੀ ਹੁਕਮਾਂ ਨੂੰ ਲਾਗੂ ਕਰਾਉਣ ਬਦਲੇ ਉਕਤ ਮੁਲਜ਼ਮ ਰੀਡਰ ਨੇ 20 ਹਜ਼ਾਰ ਰੁਪਏ ਸਬੰਧਤ ਤਹਿਸੀਲਦਾਰ ਲਈ ਅਤੇ 5 ਹਜ਼ਾਰ ਰੁਪਏ ਆਪਣੇ ਲਈ ਰਿਸ਼ਵਤ ਦੀ ਮੰਗ ਕੀਤੀ ਹੈ। ਉਸਨੇ ਹੋਰ ਦੋਸ਼ ਲਾਇਆ ਕਿ ਉਕਤ ਕਾਨੂੰਗੋ ਨੇ ਵਿਰੋਧੀ ਧਿਰ ਨਾਲ ਮਿਲੀਭੁਗਤ ਕਰਕੇ ਇਸ ਕੇਸ ਵਿੱਚ ਕਬਜ਼ਾ ਵਾਰੰਟਾਂ ਨੂੰ ਤੁਰੰਤ ਲਾਗੂ ਨਹੀਂ ਕੀਤਾ ਸਗੋਂ ਦੇਰੀ ਵੀ ਕੀਤੀ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ ਦੀ ਧਾਰਾ 420, 465, 466, 468, 471, 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।