Site icon TheUnmute.com

ਸਪੋਰਟਸ ਕਿੱਟ ਘੁਟਾਲੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਸੰਦੀਪ ਸੰਧੂ ਤੋਂ 2 ਘੰਟੇ ਕੀਤੀ ਪੁੱਛਗਿੱਛ

Sports Kit Scam Case

ਚੰਡੀਗੜ੍ਹ, 16 ਫ਼ਰਵਰੀ 2023: ਪੰਜਾਬ ਦੇ ਲੁਧਿਆਣਾ ਵਿੱਚ 65 ਲੱਖ ਦੇ ਸੋਲਰ ਲਾਈਟਾਂ ਅਤੇ ਸਪੋਰਟਸ ਕਿੱਟਾਂ ਦੇ ਘੁਟਾਲੇ (Sports Kit Scam Case) ਵਿੱਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ ਸੀ । ਕੈਪਟਨ ਸੰਧੂ ਨੂੰ ਇਸ ਮਾਮਲੇ ‘ਚ ਜ਼ਮਾਨਤ ਮਿਲ ਚੁੱਕੀ ਹੈ, ਪਰ ਵੀਰਵਾਰ ਨੂੰ ਉਹ ਵਿਜੀਲੈਂਸ ਬਿਊਰੋ ਦਫਤਰ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਹ ਵਿਜੀਲੈਂਸ ਜਾਂਚ ‘ਚ ਸਹਿਯੋਗ ਕਰਨਗੇ । ਅਧਿਕਾਰੀਆਂ ਮੁਤਾਬਕ ਲਾਈਟ ਘੁਟਾਲੇ ਦੇ ਮਾਮਲੇ ‘ਚ ਉਨ੍ਹਾਂ ਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ, ਜਿਸ ਕਾਰਨ ਉਨ੍ਹਾਂ ਨੂੰ ਅੱਜ ਬੁਲਾਇਆ ਗਿਆ।

ਕੈਪਟਨ ਸੰਦੀਪ ਸੰਧੂ ਸਵੇਰੇ ਕਰੀਬ 10 ਵਜੇ ਵਿਜੀਲੈਂਸ ਦਫ਼ਤਰ ਪੁੱਜੇ ਸਨ। ਵਿਜੀਲੈਂਸ ਨੇ ਕੈਪਟਨ ਸੰਦੀਪ ਸੰਧੂ ਤੋਂ 2 ਘੰਟੇ ਪੁੱਛਗਿੱਛ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਪਟਨ ਸੰਦੀਪ ਸੰਧੂ ਵੀ ਇਸ ਘਪਲੇ ਵਿੱਚ ਨਾਮ ਆਉਣ ਤੋਂ ਬਾਅਦ ਫਰਾਰ ਸਨ। ਵਿਜੀਲੈਂਸ ਨੇ ਉਸ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਕੈਪਟਨ ਸੰਧੂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਜ਼ਮਾਨਤ ਹਾਸਲ ਕੀਤੀ |

ਵਿਜੀਲੈਂਸ ਨੇ ਕੈਪਟਨ ਸੰਦੀਪ ਸੰਧੂ ਦੇ ਰਿਸ਼ਤੇਦਾਰਾਂ ਦੇ ਰਿਕਾਰਡ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਵੱਖ-ਵੱਖ ਛਾਪਿਆਂ ਦੌਰਾਨ ਵਿਜੀਲੈਂਸ ਵੱਲੋਂ ਦਸਤਾਵੇਜ਼ ਆਦਿ ਜ਼ਬਤ ਕੀਤੇ ਗਏ, ਜਿਸ ਕਾਰਨ ਕਰੀਬ 8 ਤੋਂ 10 ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ। ਜਦੋਂ ਹਰਪ੍ਰੀਤ ਸਿੰਘ ਨੂੰ ਫੜ ਕੇ ਪੁੱਛਗਿੱਛ ਕੀਤੀ ਗਈ ਤਾਂ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ ਸੀ । ਮੁਲਜ਼ਮਾਂ ਨੇ 65 ਲੱਖ ਰੁਪਏ ਦੇ ਕਥਿਤ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਅਤੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ । ਸਤਵਿੰਦਰ ਸਿੰਘ ਕੰਗ ਬੀ.ਡੀ.ਪੀ.ਓ. ਅਤੇ ਮੈਸਰਜ਼ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜਿਜ਼ ਦੇ ਗੌਰਵ ਸ਼ਰਮਾ ਖਿਲਾਫ ਥਾਣਾ ਵਿਜੀਲੈਂਸ, ਲੁਧਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

Exit mobile version