July 4, 2024 7:22 pm
Himachal Election

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ ਤਫਤੀਸ਼ ਦੇ ਮਾਮਲੇ ‘ਚ ਵਿਜੀਲੈਂਸ ਨੇ 15 ਹੋਰ ਅਧਿਆਪਕਾਂ ਨੂੰ ਕੀਤਾ ਤਲਬ

ਗੁਰਦਾਸਪੁਰ 08 ਦਸੰਬਰ 2022: ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਅਤੇ ਬੀਤੇ ਦਿਨੀਂ ਅਹੁਦੇ ਤੋਂ ਮੁਅੱਤਲ ਕਰ ਦਿੱਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਦੇ ਪ੍ਰਿੰਸੀਪਲ ਰਕੇਸ ਗੁਪਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਦੇ ਪ੍ਰਿੰਸੀਪਲ ਰਾਮਪਾਲ ਖਿਲਾਫ਼ ਚੱਲ ਰਹੀ ਤਫਤੀਸ਼ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਵਿਜੀਲੈਂਸ ਵਿਭਾਗ ਵੱਲੋਂ ਮਾਮਲੇ ਵਿਚ 15 ਹੋਰ ਅਧਿਆਪਕਾਂ ਨੂੰ ਪੁੱਛਗਿੱਛ ਲਈ ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਉਪ ਕਪਤਾਨ ਦੇ ਦਫਤਰ ਲੁਧਿਆਣਾ ਵਿੱਚ ਪੇਸ਼ ਹੋਣ ਲਈ ਪੱਤਰ ਜਾਰੀ ਕੀਤਾ ਹੈ।

ਇਹ ਸਾਰੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ ਵਰਤਮਾਨ ਵਿਚ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਸਕੂਲਾਂ ਵਿੱਚ ਤੈਨਾਤ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਅਧਿਆਪਕ 6 ਸਾਲ ਪਹਿਲਾਂ ਦੇ ਉਸ ਟੀਚਰ ਟ੍ਰੇਨਿੰਗ ਸੈਮੀਨਾਰ ਦਾ ਹਿੱਸਾ ਰਹੇ ਹਨ ਜਿਸ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਸਿੱਖਿਆ ਅਧਿਕਾਰੀਆਂ ਤੇ ਲੱਗੇ ਹਨ।

ਵਿਜੀਲੈਂਸ ਵਿਭਾਗ ਵੱਲੋਂ 6 ਦਸੰਬਰ ਨੂੰ ਪੱਤਰ ਨੰਬਰ 46 1 ਨਵੰਬਰ ਨੂੰ ਵਿਜੀਲੈਂਸ ਵਿਭਾਗ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਧਾਰਾ 409, 467 ,468, 471 ਅਤੇ 120 ਬੀ ਆਈ ਪੀ ਸੀ ਦੇ ਤਹਿਤ ਦਰਜ ਹੋਏ ਮੁਕੱਦਮਾ ਨੰਬਰ 14 ਦੇ ਸਬੰਧ ਵਿੱਚ ਇਨ੍ਹਾਂ 15 ਅਧਿਆਪਕਾਂ ਦੀ ਵਿਜੀਲੈਂਸ ਲੁਧਿਆਣਾ ਦਫਤਰ ਵਿਖੇ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਦਾਸਪੁਰ ਦੇ ਨਾਂ ਜਾਰੀ ਕੀਤਾ ਗਿਆ ਹੈ ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਵੀ ਇੱਕ ਪੱਤਰ ਕੱਲ ਯਾਨੀ 7 ਦਸੰਬਰ ਨੂੰ ਇਨ੍ਹਾਂ 15 ਅਧਿਆਪਕਾਂ ਅਤੇ ਇਨ੍ਹਾਂ ਅਧਿਆਪਕਾਂ ਦੇ ਕਾਰਜ ਖੇਤਰ ਦੇ ਸਕੂਲ ਮੁਖੀਆਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਜ਼ਿਲਾ ਸਿੱਖਿਆ ਅਫਸਰ ਨੇ ਸਕੂਲ ਮੁਖੀਆਂ ਨੂੰ ਲਿਖਿਆ ਹੈ ਕਿ ਸਬੰਧਤ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਇਸ ਸਬੰਧ ਵਿੱਚ ਨੋਟ ਕਰਵਾ ਕੇ 8 ਦਸੰਬਰ ਨੂੰ ਵਿਜੀਲੈਂਸ ਲੁਧਿਆਣਾ ਦਫਤਰ ਵਿੱਚ ਹਾਜ਼ਰ ਹੋਣ ਲਈ ਪਾਬੰਦ ਕੀਤਾ ਜਾਵੇ।

ਦੱਸ ਦੇਈਏ ਕਿ ਪ੍ਰਿੰਸੀਪਲ ਰਕੇਸ਼ ਗੁਪਤਾ ਅਤੇ ਪ੍ਰਿੰਸੀਪਲ ਰਾਮਪਾਲ ਨੂੰ 1 ਨਵੰਬਰ ਨੂੰ ਵਿਜੀਲੈਂਸ ਵਿਭਾਗ ਦੀ ਲੁਧਿਆਣਾ ਤੋਂ ਆਈ ਇਕ ਟੀਮ ਵੱਲੋਂ ਇੱਕ 6 ਸਾਲ ਪੁਰਾਨੇ ਮਾਮਲੇ ਵਿਚ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋਹਾਂ ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਰਹਿੰਦੇਆਂ ਸੈਮੀਨਾਰ ਦੇ ਨਾਂ ਤੇ ਜਾਅਲੀ ਬਿੱਲਾਂ ਰਾਹੀ 10 ਲੱਖ ਰੁਪਏ ਤੋਂ ਵੱਧ ਦੀ ਰਕਮ ਖੁਰਦ ਬੁਰਦ ਕੀਤੀ ਹੈ।

ਉਧਰ ਸਿੱਖਿਆ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਵੱਖ ਵੱਖ ਸਮੇਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਅਹੁਦੇ ਤੇ ਰਹੇ ਕੁੱਝ ਅਧਿਕਾਰੀਆਂ ਨੇ ਆਪਣੇ ਆਪਣੇ ਕਾਰਜਕਾਲ ਦੌਰਾਨ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਨੂੰ ਦੋਸ਼-ਮਕਤ ਕਰਾਰ ਦਿੰਦੇ ਰਹੇ ਹਨ। ਵਿਜੀਲੈਂਸ ਵੱਲੋਂ ਇਹਨਾਂ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵੀ ਤਫ਼ਤੀਸ਼ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।