Site icon TheUnmute.com

ਵਿਜੀਲੈਂਸ ਬਿਊਰੋ ਵੱਲੋਂ 7000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਕਾਬੂ

ਚੰਡੀਗੜ੍ਹ, 24 ਅਗਸਤ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਤਾਇਨਾਤ ਸਬ ਇੰਸਪੈਕਟਰ (ਐਸ.ਆਈ.) ਦਿਲਬਾਗ ਸਿੰਘ ਨੂੰ ਨਿਰਮਲ ਸਿੰਘ ਵਾਸੀ ਪਿੰਡ ਕਸੇਲ ਤੋਂ 7000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਨਿਰਮਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 (ਸੀ) ਤਹਿਤ ਉਸ ਦੇ ਭਰਾ ਦਲਜੀਤ ਸਿੰਘ ਖਿਲਾਫ਼ ਥਾਣਾ ਸਰਾਏ ਅਮਾਨਤ ਖਾਂ ਵਿਖੇ ਐਫ.ਆਈ.ਆਰ. ਨੰ. 46/2023 ਦਰਜ ਸੀ ਅਤੇ ਇਸ ਮਾਮਲੇ ਦੀ ਜਾਂਚ ਮੁਲਜ਼ਮ ਐਸ.ਆਈ. ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਐਸ.ਆਈ. ਦਿਲਬਾਗ ਸਿੰਘ ਨੇ ਸਰਕਾਰੀ ਵਕੀਲ ਤੋਂ ਚਲਾਨ ਚੈੱਕ ਕਰਵਾਉਣ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਨ ਬਦਲੇ ਰਿਸ਼ਵਤ ਵਜੋਂ 7000 ਰੁਪਏ ਮੰਗੇ ਸਨ।

ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 7000 ਰੁਪਏ ਰਿਸ਼ਵਤ ਲੈਂਦਿਆਂ ਮੁਲਜ਼ਮ ਐਸ.ਆਈ. ਨੂੰ ਕਾਬੂ ਕਰ ਲਿਆ। ਇਸ ਸਬੰਧੀ ਐਸ.ਆਈ. ਦਿਲਬਾਗ ਸਿੰਘ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ- 7 ਅਧੀਨ ਐਫ.ਆਈ.ਆਰ ਨੰਬਰ 29 ਮਿਤੀ 24-08-2023 ਦਰਜ ਕੀਤੀ ਗਈ ਹੈ।

Exit mobile version