Site icon TheUnmute.com

ਵਿਜੀਲੈਂਸ ਵੱਲੋਂ ਹੋਟਲ ਮਾਲਕ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਪੁਲਿਸ ਕਰਮੀਆਂ ਸਮੇਤ CIA ਸਟਾਫ਼ ਰਾਜਪੁਰਾ ਦਾ ਇੰਚਾਰਜ ਕਾਬੂ

CIA Staff Rajpura

ਚੰਡੀਗੜ੍ਹ, 14 ਜੂਨ 2023: ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੀ.ਆਈ.ਏ. ਸਟਾਫ਼ ਰਾਜਪੁਰਾ (CIA Staff Rajpura) ਦੇ ਇੰਚਾਰਜ ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਉਸਦੇ ਦੋ ਸਾਥੀ ਪੁਲਿਸ ਕਰਮੀਆਂ ਸਮੇਤ ਇੱਕ ਹੋਟਲ ਦੇ ਮਾਲਕ ਤੋਂ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਬਾਕੀ ਦੋ ਮੁਲਜ਼ਮਾਂ ਦੀ ਪਛਾਣ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਅਤੇ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਕੁਲਦੀਪ ਸਿੰਘ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮਾਂ ਨੂੰ ਸ਼ਹੀਦ ਭਗਤ ਸਿੰਘ ਕਾਲੋਨੀ, ਰਾਜਪੁਰਾ (ਪਟਿਆਲਾ) ਦੇ ਰਹਿਣ ਵਾਲੇ ਤੇਜਿੰਦਰਪਾਲ ਸਿੰਘ, ਜੋ ਰਾਜਪੁਰਾ ਵਿਖੇ ਹੋਟਲ ਕੈਨੇਡੀਅਨ ਗੈਸਟ ਹਾਊਸ ਚਲਾ ਰਿਹਾ ਹੈ, ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਿਸ ਥਾਣਾ ਫਲਾਇੰਗ ਸਕੁਐਡ-1, ਪੰਜਾਬ (ਮੋਹਾਲੀ) ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੀ.ਆਈ.ਏ ਸਟਾਫ਼ ਇੰਚਾਰਜ ਇੰਸਪੈਕਟਰ ਰਾਕੇਸ਼ ਕੁਮਾਰ ਨੇ ਉਸ ਤੋਂ ਹੋਟਲ ਦੇ ਕਾਰੋਬਾਰ ਨੂੰ ਚਲਦਾ ਰੱਖਣ ਬਦਲੇ 15,000 ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਮੰਗ ਕੀਤੀ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਫਲਾਇੰਗ ਸਕੁਐਡ-1, ਪੰਜਾਬ (ਮੋਹਾਲੀ) ਦੀ ਟੀਮ ਨੇ ਜਾਲ ਵਿਛਾਇਆ ਅਤੇ ਇੰਸਪੈਕਟਰ ਰਾਕੇਸ਼ ਕੁਮਾਰ ਦੀ ਤਰਫੋਂ ਸ਼ਿਕਾਇਤਕਰਤਾ ਤੋਂ 17,000 ਰੁਪਏ ਦੀ ਰਿਸ਼ਵਤ ਲੈਂਦਿਆਂ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਮੁਲਜ਼ਮ ਹੈੱਡ ਕਾਂਸਟੇਬਲ ਦੇ ਨਾਲ ਪੀ.ਐਚ.ਜੀ. ਕੁਲਦੀਪ ਸਿੰਘ ਵੀ ਮੌਜੂਦ ਸੀ। ਇਸ ਸਬੰਧੀ ਪੁਲਿਸ ਥਾਣਾ ਫਲਾਇੰਗ ਸਕੁਐਡ-1 ਮੋਹਾਲੀ ਵਿਖੇ ਉਕਤ ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਪੀ.ਐਚ.ਜੀ ਖਿਲਾਫ ਭ੍ਰਿਸ਼ਟਾਚਾਰ ਦੀ ਰੋਕਥਾਮ ਸਬੰਧੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Exit mobile version