Site icon TheUnmute.com

ਵਿਜੀਲੈਂਸ ਬਿਊਰੋ ਵਲੋਂ RTA ਦਾ ਮੁਲਾਜ਼ਮ 7500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ

ਚੰਡੀਗੜ੍ਹ 08 ਅਗਸਤ 2022: ਸੂਬੇ ‘ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਮੁੱਖ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਲਾਈ ਮੁਹਿੰਮ ਦੌਰਾਨ ਸੋਮਵਾਰ ਨੂੰ ਆਰ.ਟੀ.ਏ. ਬਠਿੰਡਾ ਵਿਖੇ ਤਾਇਨਾਤ ਡਾਟਾ ਐਂਟਰੀ ਉਪਰੇਟਰ ਭਲਵਾਨ ਸਿੰਘ ਨੂੰ 7500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਭਲਵਾਨ ਸਿੰਘ ਨੂੰ ਰਘਬੀਰ ਸਿੰਘ ਵਾਸੀ ਮਾਨਸਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਮਿੰਨੀ ਬੱਸਾਂ ਦਾ ਮਾਲਕ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਦੇ ਦਫ਼ਤਰ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਮੁਲਾਜ਼ਮ ਉਸਦੀ ਬੱਸ ਦੇ ਪਰਮਿਟ ਦੀ ਕਾਪੀ ਦੇਣ ਬਦਲੇ 7500 ਰੁਪਏ ਦੀ ਮੰਗ ਕਰ ਰਿਹਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਮੁਲਜ਼ਮ ਭਲਵਾਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 7, 500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮੁਕੱਦਮਾ ਨੰ: 6 ਮਿਤੀ 08.08.2022 ਨੂੰ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Exit mobile version