Site icon TheUnmute.com

ਐਫ.ਸੀ.ਆਈ. ਦੇ ਗੁਦਾਮ ‘ਚ ਪਈ ਕਣਕ ਨੂੰ ਖੁਰਦ-ਬੁਰਦ ਕਰਨ ਦੋਸ਼ ਹੇਠ ਤਿੰਨ ਨਿੱਜੀ ਕਰਮਚਾਰੀ ਵਿਜੀਲੈਂਸ ਵੱਲੋਂ ਗ੍ਰਿਫਤਾਰ

ਵਿਜੀਲੈਂਸ

ਚੰਡੀਗੜ੍ਹ 7 ਮਾਰਚ 2024: ਪੰਜਾਬ ਸਰਕਾਰ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਦੇ ਤਹਿਤ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਗੁਰਵੀਰ ਕੌਰ ਗੁਦਾਮ ਰਾਮਪੁਰਾ ਫੂਲ ਜਿਲਾ ਬਠਿੰਡਾ ਵਿੱਚ ਸਾਲ 2023 ਦੌਰਾਨ ਸਟੋਰ ਕੀਤੀ ਕਣਕ ਖੁਰਦ-ਬੁਰਦ ਕਰਨ ਅਤੇ ਬੋਰੀਆਂ ਉੱਪਰ ਪਾਣੀ ਪਾਕੇ ਕਣਕ ਦਾ ਵਜਨ ਵਧਾਉਣ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਉਰੋ ਵੱਲੋ ਗਲੋਬਸ ਵੇਅਰ ਹਾਉਸਿੰਗ ਐਂਡ ਟਰੇਡਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਮੈਨੇਜਰ ਜਸਪਾਲ ਕੁਮਾਰ, ਸੁਖਜਿੰਦਰ ਸਿੰਘ ਗੋਦਾਮ ਕਲਰਕ ਤੇ ਬਲਜਿੰਦਰ ਸਿੰਘ ਗੋਦਾਮ ਇੰਚਾਰਜ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਤੋਂ ਇਲਾਵਾ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।

ਇਸ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਰਾਹੀਂ ਮਿਲੀ ਗੁਪਤ ਸੂਚਨਾ ਦੇ ਆਧਾਰ ਉਤੇ ਵਿਜੀਲੈਂਸ ਬਿਉਰੋ ਯੂਨਿਟ ਬਠਿੰਡਾ ਦੀ ਟੀਮ ਵੱਲੋਂ ਪਨਗ੍ਰੇਨ ਅਤੇ ਐਫ.ਸੀ.ਆਈ. ਰਾਮਪੁਰਾ ਫੂਲ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਕਸਟੋਡੀਅਨ ਕੰਪਨੀ ਗਲੋਬਸ ਵੇਅਰ ਹਾਉਸਿੰਗ ਪ੍ਰਾਈਵੇਟ ਲਿਮਟਿਡ ਦਿੱਲੀ ਦੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਗੁਰਵੀਰ ਕੌਰ ਗੋਦਾਮ ਰਾਮਪੁਰਾ ਫੂਲ ਜਿਲਾ ਬਠਿੰਡਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੇ ਅਧਾਰ ਉਕਤ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਏ, 13 (2), 15 ਅਤੇ 409, ਆਈ.ਪੀ.ਸੀ ਦੀ ਧਾਰਾ 120-ਬੀ ਤਹਿਤ ਮੁਕੱਦਮਾ ਨੰਬਰ 05 ਮਿਤੀ 07.03.2024 ਨੂੰ ਥਾਣਾ ਵਿਜੀਲੈਂਸ ਬਿਉਰੋ ਬਠਿੰਡਾ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।

ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਐਫ.ਸੀ.ਆਈ. ਵੱਲੋ ਗਲੋਬਸ ਵੇਅਰ ਹਾਉਸਿੰਗ ਐਂਡ ਟਰੇਡਿੰਗ ਪ੍ਰਾਈਵੇਟ ਲਿਮਟਿਡ ਦਿੱਲੀ ਰਾਹੀਂ ਜਿਲ੍ਹਾ ਬਠਿੰਡਾ ਵਿੱਚ ਪਨਗ੍ਰੇਨ ਰਾਹੀ ਕਣਕ ਸਟੋਰ ਕਰਨ ਲਈ ਕਰੀਬ 18 ਗੁਦਾਮ ਕਿਰਾਏ ਤੇ ਲਏ ਹੋਏ ਹਨ, ਇਨ੍ਹਾਂ ਵਿੱਚੋ ਉਕਤ ਗੁਰਵੀਰ ਕੌਰ ਗੋਦਾਮ ਪਿੰਡ ਗਿੱਲ ਕਲਾਂ ਵਿੱਚ ਮਈ 2023 ਦੌਰਾਨ ਕਣਕ ਦੀਆਂ 2,33,374 ਬੋਰੀਆਂ ਵਜ਼ਨ 116429.99880 ਕੁਇੰਟਲ ਸਟੋਰ ਕੀਤੀ ਸੀ ਜਿਸ ਵਿੱਚੋਂ ਐਫ.ਸੀ.ਆਈ. ਵੱਲੋਂ ਵੱਖ-ਵੱਖ ਰਾਜਾਂ ਵਿੱਚ ਕਣਕ ਭੇਜਣ ਉਪਰੰਤ 1,57,151 ਬੋਰੀਆ ਕਣਕ (ਵਜਨ 78348.38780 ਕੁਇੰਟਲ) ਬਕਾਇਆ ਬਚਦੀ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਗਲੋਬਸ ਕੰਪਨੀ ਨੇ ਪਹਿਲਾਂ ਹੀ ਕਰੀਬ 165 ਕੁਇੰਟਲ ਕਣਕ ਉਕਤ ਸਟੋਰ ਵਿੱਚੋ ਕੱਢ ਕੇ ਖੁਰਦ-ਬੁਰਦ ਕਰ ਦਿੱਤੀ ਸੀ, ਜਿਸ ਦੀ ਅੰਦਾਜਨ ਕੀਮਤ 4,50,000 ਰੁਪਏ ਬਣਦੀ ਹੈ। ਮੁਲਜ਼ਮਾਂ ਨੇ ਉਸਨੂੰ ਪੂਰਾ ਕਰਨ ਲਈ ਅਤੇ ਹੋਰ ਕਣਕ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਮਿਲੀਭੁਗਤ ਕਰਕੇ ਕਣਕ ਉੱਤੇ ਪਾਣੀ ਪਾਕੇ ਉਸਦਾ ਵਜ਼ਨ ਕਰੀਬ 875 ਗ੍ਰਾਮ ਪ੍ਰਤੀ ਕੁਇੰਟਲ ਵਧਾ ਦਿੱਤਾ। ਇਸ ਤਰ੍ਹਾਂ ਇਨ੍ਹਾਂ ਮੁਲਜ਼ਮਾਂ ਨੇ ਕਰੀਬ 685 ਕੁਇੰਟਲ ਕਣਕ ਦਾ ਵਜਨ ਵਧਾਕੇ ਉਸਨੂੰ ਵੀ ਖੁਰਦ-ਬੁਰਦ ਕਰਨਾ ਸੀ ਜਿਸ ਨਾਲ ਸਰਕਾਰ ਦਾ ਕਰੀਬ 19 ਲੱਖ ਰੁਪਏ ਦਾ ਨੁਕਸਾਨ ਹੋਣਾ ਤੈਅ ਸੀ ਅਤੇ ਅਜਿਹਾ ਕਰਕੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾਣਾ ਸੀ। ਇਸ ਚੈਕਿੰਗ ਦੌਰਾਨ ਕਣਕ ਦੀਆਂ ਬੋਰੀਆਂ ਉੱਪਰ ਪਾਣੀ ਪਾਉਣ ਦੀ ਵੀਡੀਉ ਫੁਟੇਜ਼ ਵੀ ਪ੍ਰਾਪਤ ਹੋਈ ਜਿਸ ਕਰਕੇ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Exit mobile version