Site icon TheUnmute.com

ਵਿਜੀਲੈਂਸ ਬਿਊਰੋ ਵੱਲੋਂ ਇੰਪਰੂਵਮੈਂਟ ਟਰੱਸਟ ਦਾ ਲੇਖਾਕਾਰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ

Vigilance Bureau

ਚੰਡੀਗੜ੍ਹ, 6 ਜਨਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ (ਏ.ਆਈ.ਟੀ.) ਵਿੱਚ ਲੇਖਾਕਾਰ ਵਜੋਂ ਤਾਇਨਾਤ ਵਿਸ਼ਾਲ ਸ਼ਰਮਾ ਵਾਸੀ ਅੰਮ੍ਰਿਤਸਰ , ਨੂੰ 8 ਲੱਖ ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿੱਚ ਏ.ਆਈ.ਟੀ. ਦੇ ਮੁਲਜ਼ਮ ਕਾਨੂੰਨ ਅਧਿਕਾਰੀ ਗੌਤਮ ਮਜੀਠੀਆ, ਵਾਸੀ ਗਰੀਨ ਫੀਲਡ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਕਤ ਲੇਖਾਕਾਰ ਅਤੇ ਏ.ਆਈ.ਟੀ. ਦੇ ਲਾਅ ਅਫਸਰ ਨੂੰ ਜਤਿੰਦਰ ਸਿੰਘ ਵਾਸੀ ਪ੍ਰਤਾਪ ਐਵੀਨਿਊ, ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਇਸ ਸਬੰਧੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਕਾਨੂੰਨ ਅਧਿਕਾਰੀ ਅਤੇ ਲੇਖਾਕਾਰ ਨੇ ਜ਼ਿਲ੍ਹਾ ਅਦਾਲਤ ਦੇ ਨਿਰਦੇਸ਼ਾਂ ’ਤੇ ਉਸ ਦੀ ਜ਼ਮੀਨ ਐਕਵਾਇਰ ਕਰਨ ਬਦਲੇ 20 ਫੀਸਦੀ ਹੋਰ (ਵਾਧੂ) ਮੁਆਵਜੇ ਵਜੋਂ 20 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਇਵਜ਼ ਵਿੱਚ 8 ਲੱਖ ਰੁਪਏ ਵਸੂਲੇ ਹਨ। ਸ਼ਿਕਾਇਤਕਰਤਾ ਨੇ ਉਕਤ ਵਕੀਲ ਨਾਲ ਰਿਸ਼ਵਤ ਦੀ ਰਕਮ ਦੀ ਅਦਾਇਗੀ ਸਬੰਧੀ ਗੱਲਬਾਤ ਰਿਕਾਰਡ ਕਰ ਲਈ ਸੀ, ਜੋ ਕਿ ਸਬੂਤ ਵਜੋਂ ਉਸਨੇ ਵਿਜੀਲੈਂਸ ਬਿਊਰੋ ਨੂੰ ਸੌਂਪੀ ਦਿੱਤੀ ਸੀ।

ਬੁਲਾਰੇ ਨੇ ਦੱਸਿਆ ਕਿ ਕੇਸ ਦੀ ਜਾਂਚ ਦੌਰਾਨ ਉਕਤ ਕਾਨੂੰਨ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਉਸ ਨੇ ਲੇਖਾਕਾਰ ਵਿਸ਼ਾਲ ਸ਼ਰਮਾ ਨੂੰ 8 ਲੱਖ ਰੁਪਏ ਦੇ ਚੈੱਕ ਸੌਂਪੇ ਸਨ, ਜੋ ਕਿ ਸ਼ਿਕਾਇਤਕਰਤਾ ਨਾਲ ਹੋਈ ਗੱਲਬਾਤ ਦੀ ਆਡੀਓ-ਵੀਡੀਓ ਰਿਕਾਰਡਿੰਗ ਵਿੱਚ ਸੱਚ ਸਾਬਤ ਹੋਇਆ ਹੈ। ਇਸ ਤੋਂ ਇਲਾਵਾ, ਲੇਖਾਕਾਰ ਨੇ ਸ਼ਿਕਾਇਤਕਰਤਾ ਨੂੰ ਵਧਿਆ ਹੋਇਆ ਮੁਆਵਜ਼ਾ ਦੇਣ ਲਈ ਐਸਟੀਮੇਟ ’ਤੇ ਦਸਤਖਤ ਕੀਤੇ ਹਨ, ਜੋ ਕਿ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ ਪੈਸੇ ਲੈਣ ਲਈ ਦੋਵਾਂ ਦੋਸ਼ੀਆਂ ਦੀ ਮਿਲੀਭੁਗਤ ਨੂੰ ਜਾਇਜ਼ ਠਹਿਰਾਉਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੇ ਅਧਾਰ ’ਤੇ ਵਿਜੀਲੈਂਸ ਬਿਓਰੋ ਰੇਂਜ ਅੰਮ੍ਰਿਤਸਰ ਨੇ ਉਕਤ ਸਹਿ-ਮੁਲਜ਼ਮ ਲੇਖਾਕਾਰ ਨੂੰ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਵਿੱਚ ਦੋਸ਼ੀ ਪਾਏ ਜਾਣ ’ਤੇ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Exit mobile version