Site icon TheUnmute.com

ਟਰਾਂਸਪੋਰਟਰਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ RTA ਅਧਿਕਾਰੀ ਦਾ ਗੰਨਮੈਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Vigilance Bureau

ਚੰਡੀਗੜ੍ਹ, 4 ਜਨਵਰੀ 2025: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਰਿਜਨਲ ਟਰਾਂਸਪੋਰਟ ਅਥਾਰਟੀ (RTA), ਬਠਿੰਡਾ ਵਿਖੇ ਬਤੌਰ ਗੰਨਮੈਨ ਤਾਇਨਾਤ ਕਾਂਸਟੇਬਲ ਸੁਖਪ੍ਰੀਤ ਸਿੰਘ ਨੂੰ ਆਪਣੇ ਸਾਥੀਆਂ ਦੀ ਮੱਦਦ ਨਾਲ ਟਰਾਂਸਪੋਰਟਰਾਂ ਤੋਂ ਹਰ ਮਹੀਨੇ 20-25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ | ਇਸ ਦੌਰਾਨ ਮੋਹਾਲੀ ਅਦਾਲਤ ਨੇ ਉਕਤ ਮੁਲਜ਼ਮ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਵਿਜੀਲੈਂਸ ਬਿਊਰੋ ਦੀ ਹਿਰਾਸਤ ‘ਚ ਭੇਜ ਦਿੱਤਾ ਹੈ।

ਇਸ ਬਾਰੇ ਵਿਜੀਲੈਂਸ ਬਿਓਰੋ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਰੋਕੂ ਕਾਰਵਾਈ ਤਹਿਤ ਬਠਿੰਡਾ ਜ਼ਿਲੇ ਦੇ ਰਾਮਪੁਰਾ ਕਸਬੇ ਨੇੜੇ ਪਿੰਡ ਲਹਿਰਾ ਧੂਰਕੋਟ ਦੇ ਇੱਕ ਟਰਾਂਸਪੋਰਟਰ ਧਰਮ ਸਿੰਘ ਵੱਲੋਂ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।

ਵਿਜੀਲੈਂਸ (Vigilance Bureau) ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸਹਾਇਕ ਟਰਾਂਸਪੋਰਟ ਅਫਸਰ ਵੱਲੋਂ ਉਸਦੇ ਟਰੱਕਾਂ ਅਤੇ ਟਿੱਪਰਾਂ ਦੇ ਚਲਾਨ ਕੀਤੇ ਜਾ ਰਹੇ ਹਨ। ਕਾਂਸਟੇਬਲ ਸੁਖਪ੍ਰੀਤ ਸਿੰਘ ਅਤੇ ਜੱਗੀ ਸਿੰਘ, ਵਾਸੀ ਕਸਬਾ ਮੌੜ, ਜ਼ਿਲ੍ਹਾ ਬਠਿੰਡਾ ਨੇ ਅੰਕਿਤ ਕੁਮਾਰ, ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓ.) ਬਠਿੰਡਾ ਅਤੇ ਹੋਰਾਂ ਦੇ ਨਾਮ ‘ਤੇ ਉਸ (ਸ਼ਿਕਾਇਤਕਰਤਾ) ਨੂੰ ਟਰੱਕ ਅਤੇ ਟਿੱਪਰ ਦੇ ਚਲਾਨ ਅਤੇ ਜੁਰਮਾਨੇ ਤੋਂ ਬਚਾਉਣ ਲਈ 1800 ਰੁਪਏ ਪ੍ਰਤੀ ਟਰੱਕ ਮਹੀਨਾਵਾਰ “ਸੁਰੱਖਿਆ ਰਾਸ਼ੀ” ਦੀ ਮੰਗ ਕਰ ਰਹੇ ਸਨ।

ਏ.ਟੀ.ਓ ਨੇ ਸ਼ਿਕਾਇਤਕਰਤਾ ਦੇ ਟਰੱਕਾਂ ਦੇ ਚਲਾਨ ਕੀਤੇ ਸੀ | ਦਬਾਅ ‘ਚ ਗੰਨਮੈਨ ਗੁਰਾਂਜੀਤ ਸਿੰਘ ਵੱਲੋਂ ਦਿੱਤੇ ਮੋਬਾਈਲ ਨੰਬਰ ‘ਤੇ ਗੂਗਲ ਪੇਅ ਰਾਹੀਂ 15,000 ਰੁਪਏ ਦਾ ਭੁਗਤਾਨ ਕੀਤਾ ਸੀ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਰਿਕਾਰਡ ਕਰਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ।

ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਦੋਸ਼ ਸਹੀ ਪਾਏ ਗਏ ਕਿਉਂਕਿ ਮੁਲਜ਼ਮ ਮੁਲਾਜ਼ਮ ਟਰਾਂਸਪੋਰਟ ਵਾਹਨਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਚੱਲਣ ਦੇਣ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਹੇ ਸਨ। ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਆਡੀਓ ਸਬੂਤਾਂ ਦੇ ਆਧਾਰ ‘ਤੇ ਕਾਂਸਟੇਬਲ ਸੁਖਪ੍ਰੀਤ ਸਿੰਘ ਅਤੇ ਜੱਗੀ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਫਲਾਇੰਗ ਸਕੁਐਡ-1, ਮੋਹਾਲੀ ਵਿਖੇ ਐੱਫ.ਆਈ.ਆਰ. ਦਰਜ ਕੀਤੀ ਹੈ |

ਫਲਾਇੰਗ ਸਕੁਐਡ ਟੀਮ ਦੀ ਪੁੱਛਗਿੱਛ ਦੌਰਾਨ ਕਾਂਸਟੇਬਲ ਸੁਖਪ੍ਰੀਤ ਸਿੰਘ ਨੇ ਟਰਾਂਸਪੋਰਟਰਾਂ ਤੋਂ ਰਿਸ਼ਵਤ ਮੰਗਣ ਅਤੇ ਲੈਣ ਦੀ ਗੱਲ ਕਬੂਲੀ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਅਤੇ ਇਨ੍ਹਾਂ ਦੇ ਸਾਥੀਆਂ ਵੱਲੋਂ ਟਰਾਂਸਪੋਰਟਰਾਂ ਤੋਂ ਹਰ ਮਹੀਨੇ ਕਰੀਬ 20-25 ਲੱਖ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ।

ਪੁੱਛਗਿੱਛ ਦੌਰਾਨ ਹੌਲਦਾਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਰਿਸ਼ਵਤ ਲੈਣ ਲਈ ਜਗੀ ਸਿੰਘ ਅਤੇ ਕੁਝ ਛੋਟੇ ਟਰਾਂਸਪੋਰਟਰਾਂ ਸਮੇਤ ਆਮ ਲੋਕਾਂ ਦੀ ਮਦਦ ਲਈ ਜਾਂਦੀ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਏ.ਟੀ.ਓ. ਅੰਕਿਤ ਕੁਮਾਰ ਦਾ ਇੱਕ ਹੋਰ ਗੰਨਮੈਨ ਕਾਂਸਟੇਬਲ ਗੁਰਾਂਜੀਤ ਸਿੰਘ ਟਰਾਂਸਪੋਰਟਰਾਂ ਤੋਂ ਮਹੀਨਾਵਾਰ 8-10 ਲੱਖ ਰੁਪਏ ਵਸੂਲਦਾ ਸੀ, ਜਦਕਿ ਸੁਖਪ੍ਰੀਤ ਖੁਦ ਬਾਕੀ ਟਰਾਂਸਪੋਰਟਰਾਂ ਤੋਂ 7-8 ਲੱਖ ਰੁਪਏ ਵਸੂਲਦਾ ਸੀ। ਸੁਖਪ੍ਰੀਤ ਸਿੰਘ ਵੱਲੋਂ ਦਿੱਤੇ ਇਕਬਾਲੀਆ ਬਿਆਨ ਸਮੇਤ ਸਬੂਤਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਆਹਮੋ-ਸਾਹਮਣੇ ਪੁੱਛਗਿੱਛ ਲਈ ਜਾਂਚ ‘ਚ ਸ਼ਾਮਲ ਹੋਣ ਲਈ ਬੁਲਾਇਆ ਹੈ |

Read More: ਮੋਹਿੰਦਰ ਭਗਤ ਵੱਲੋਂ ਮੋਹਾਲੀ ‘ਚ ਡੰਪਿੰਗ ਗਰਾਊਂਡ ਨੂੰ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਹੁਕਮ

Exit mobile version