ਅੰਮ੍ਰਿਤਸਰ 28 ਸਤੰਬਰ 2022: ਪੰਜਾਬ ‘ਚ ਦਿਨ ਪ੍ਰਤੀ ਦਿਨ ਵੱਧ ਰਾਹ ਨਸ਼ਾ ਪੰਜਾਬ ਦੇ ਲੋਕਾਂ ਨੂੰ ਚਿੰਤਾ ਵਿੱਚ ਪਾ ਰਿਹਾ ਹੈ | ਅਕਸਰ ਹੀ ਨਸ਼ਿਆਂ ਦੇ ਹਾਲਤ ‘ਚ ਨੌਜਵਾਨਾਂ ਦੀਆਂ ਵੀਡਿਓ ਵੀ ਸਾਹਮਣੇ ਆ ਰਹੀਆਂ ਹਨ | ਜਿਸ ਦੇ ਚੱਲਦੇ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਅੱਜ ਅੰਮ੍ਰਿਤਸਰ ਬਾਰਡਰ ਰੇਂਜ (Amritsar Border Range IG) ਦੇ ਆਈਜੀ ਮਨੀਸ਼ ਚਾਵਲਾ ਨੂੰ ਇੱਕ ਮੰਗ ਪੱਤਰ ਦੇਣ ਪਹੁੰਚੇ ਹਨ |
ਬਾਰਡਰ ਰੇਂਜ ਆਈਜੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ, ਆਏ ਦਿਨ ਹੀ ਨਸ਼ੇ ਦੀ ਹਾਲਤ ਵਿਚ ਨੌਜਵਾਨਾਂ ਦੀਆਂ ਵੀਡਿਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ | ਪਿੰਡਾਂ ਦੇ ਵਿੱਚ ਵੀ ਬਹੁਤ ਸਾਰਾ ਨਸ਼ਾ ਵਿਕ ਰਿਹਾ ਹੈ, ਲੇਕਿਨ ਪੁਲਿਸ ਇਸ ‘ਤੇ ਕੋਈ ਵੀ ਕਾਰਵਾਈ ਕਰਦੀ ਦਿਖਾਈ ਨਹੀਂ ਦੇ ਰਹੀ |
ਇਸਦੇ ਨਾਲ ਹੀ ਸਿੱਖ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਅੰਮ੍ਰਿਤਸਰ ਦਾ ਜੰਡਿਆਲਾ ਗੁਰੂ ਇਲਾਕਾ ਨਸ਼ੇ ਦੇ ਮਾਮਲੇ ‘ਚ ਮਿੰਨੀ ਪਾਕਿਸਤਾਨ ਬਣਦਾ ਹੋਇਆ ਨਜ਼ਰ ਆ ਰਿਹਾ ਹੈ |ਲੇਕਿਨ ਪੁਲਿਸ ਅਧਿਕਾਰੀ ਵੀ ਉਸ ‘ਤੇ ਕੋਈ ਕਾਰਵਾਈ ਕਰਦੇ ਨਹੀਂ ਦਿਖਾਈ ਦੇ ਰਹੇ | ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜ਼ਮੀਨਾਂ ਸੀਜ਼ ਕੀਤੀਆਂ ਜਾਣ ਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਨਸ਼ਾ ਰੋਕਿਆ ਜਾ ਸਕੇ |
ਬਾਰਡਰ ਰੇਂਜ ਆਈਜੀ ਮਨੀਸ਼ ਚਾਵਲਾ ਨੇ ਵਿਸ਼ਵਾਸ ਦਿਵਾਇਆ ਕਿ ਨਸ਼ਾ ਖਤਮ ਕਰਨ ਲਈ ਸਿਵਲ ਵਰਦੀ ਦੇ ਵਿੱਚ ਵੀ ਕੁਝ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਤਾਂ ਜੋ ਕਿ ਨਸ਼ਾ ਵੇਚਣ ਵਾਲੇ ਸੌਦਾਗਰਾਂ ਨੂੰ ਫੜਿਆ ਜਾ ਸਕੇ | ਬਾਰਡਰ ਰੇਂਜ ਆਈਜੀ ਨੇ ਕਿਹਾ ਕਿ ਵੱਖ ਵੱਖ ਸਿੱਖ ਜਥੇਬੰਦੀਆਂ ਮੰਗ ਪੱਤਰ ਦੇਣ ਪਹੁੰਚੀਆਂ ਹਨ ਕਿ ਪੰਜਾਬ ਵਿੱਚ ਨਸ਼ਾ ਬਹੁਤ ਵਧਦਾ ਜਾ ਰਿਹਾ ਹੈ ਅਤੇ ਨਸ਼ੇ ਨੂੰ ਰੋਕਿਆ ਜਾਵੇ ਜਿਸ ਲਈ ਪੰਜਾਬ ਪੁਲਿਸ ਪਹਿਲਾਂ ਹੀ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਸਿੱਖ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਲਦ ਹੀ ਪੰਜਾਬ ਵਿਚ ਨਸ਼ਾ ਖਤਮ ਕੀਤਾ ਜਾਵੇਗਾ |