ਚੰਡੀਗੜ੍ਹ, 6 ਨਵੰਬਰ 2024: ਅਮਰੀਕਾ ‘ਚ ਰਾਸ਼ਟਰਪਤੀ ਚੋਣ ਦੀ ਫਿਲਹਾਲ ਕੁਝ ਥਾਵਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਅਮਰੀਕੀ ਕਾਨੂੰਨ ਮੁਤਾਬਕ ਟਰੰਪ (Donald Trump) ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਰਾਸ਼ਟਰਪਤੀ ਚੋਣ ‘ਚ ਡੋਨਾਲਡ ਟਰੰਪ ਦੀ ਜਿੱਤ ਪੱਕੀ ਹੋਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਲਿਖਿਆ ਹੈ ‘ਮੇਰੇ ਦੋਸਤ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਇਤਿਹਾਸਕ ਚੋਣ ਜਿੱਤ ‘ਤੇ ਹਾਰਦਿਕ ਵਧਾਈ ਹੋਵੇ। ਪੀਐੱਮ ਮੋਦੀ ਨੇ ਕਿਹਾ ਕਿ “ਮੈਂ ਭਾਰਤ-ਅਮਰੀਕਾ ਸਬੰਧਾਂ ਅਤੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਸਹਿਯੋਗ ਦੀ ਉਮੀਦ ਕਰਦਾ ਹਾਂ”। ਉਨ੍ਹਾਂ ਕਿਹਾ ਦੋਵੇਂ ਦੇਸ਼ ਮਿਲ ਕੇ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੀਏ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੀਏ।
ਇਸਦੇ ਨਾਲ ਹੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਡੋਨਾਲਡ ਟਰੰਪ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਕੀਰ ਸਟਾਰਮਰ ਵੀ ਉਨ੍ਹਾਂ ਗਲੋਬਲ ਆਗੂਆਂ ‘ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਡੋਨਾਲਡ ਟਰੰਪ (Donald Trump) ਦੀ ਜਿੱਤ ‘ਤੇ ਵਧਾਈ ਦਿੱਤੀ ਹੈ। ਕੀਰ ਸਟਾਰਮਰ ਨੇ ਕਿਹਾ ਕਿ ਜੇਕਰ ਟਰੰਪ ਜਿੱਤਦੇ ਹਨ ਤਾਂ ਬਰਤਾਨੀਆ ਅਤੇ ਅਮਰੀਕਾ ਦੇ ਵਿਚਕਾਰ ਵਿਸ਼ੇਸ਼ ਸਬੰਧ ਨਵੇਂ ਅਮਰੀਕੀ ਪ੍ਰਸ਼ਾਸਨ ਦੇ ਅਧੀਨ ਵੀ ਖੁਸ਼ਹਾਲ ਹੋਣਗੇ।
ਦੂਜੇ ਪਾਸੇ ਅਮਰੀਕਾ ‘ਚ ਡੋਨਾਲਡ ਟਰੰਪ ਦੀ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਹੈ। ਨਿਊਜ਼ ਏਜੰਸੀ ਏਪੀ ਮੁਤਾਬਕ ਜ਼ਿਆਦਾਤਰ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ ਰਿਪਬਲਿਕਨ ਉਮੀਦਵਾਰ ਟਰੰਪ ਨੂੰ ਜੇਤੂ ਐਲਾਨ ਦਿੱਤਾ ਹੈ। ਸਥਾਨਕ ਸਮੇਂ ਮੁਤਾਬਕ ਬੁੱਧਵਾਰ ਸ਼ਾਮ 4 ਵਜੇ ਤੱਕ ਐਲਾਨੇ ਗਏ ਨਤੀਜਿਆਂ ਮੁਤਾਬਕ ਟਰੰਪ ਨੂੰ 277 ਇਲੈਕਟੋਰਲ ਵੋਟਾਂ ਮਿਲੀਆਂ ਹਨ। ਰਿਪਬਲਿਕਨ ਉਮੀਦਵਾਰ ਟਰੰਪ ਦੀ ਵਿਰੋਧੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ 224 ਵੋਟਾਂ ਮਿਲੀਆਂ ਹਨ।