ਚੰਡੀਗ੍ਹੜ 14 ਦਸੰਬਰ 2022: ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦਾ ਅੱਜ 7ਵਾਂ ਕੰਮਕਾਜੀ ਦਿਨ ਹੈ। ਇਸ ਦੌਰਾਨ ਚੀਨ ਨਾਲ ਟਕਰਾਅ ਦੇ ਮੁੱਦੇ ‘ਤੇ ਦੋਵਾਂ ਸਦਨਾਂ ‘ਚ ਇਕ ਵਾਰ ਫਿਰ ਵਿਰੋਧੀ ਪਾਰਟੀਆਂ ਦਾ ਹੰਗਾਮਾ ਜਾਰੀ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ ਕਈ ਨੇਤਾਵਾਂ ਨੇ ਇਸ ਮੁੱਦੇ ‘ਤੇ ਲੋਕ ਸਭਾ ‘ਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ ਹੈ। ਇਸ ਤੋਂ ਇਲਾਵਾ ਸੰਸਦੀ ਪੈਨਲ ਨੇ ਪ੍ਰਤੀਯੋਗਤਾ ਕਾਨੂੰਨ ਸੋਧ ਬਿੱਲ ‘ਚ ਬਦਲਾਅ ਦਾ ਸੁਝਾਅ ਦਿੱਤਾ ਹੈ।
ਵਿਰੋਧੀ ਧਿਰ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਤਵਾਂਗ ਝੜਪ (Tawang clash issue) ਸਮੇਤ ਵੱਖ-ਵੱਖ ਮੁੱਦਿਆਂ ਦੇ ਵਿਰੋਧ ‘ਚ ਸੰਸਦ ਦੇ ਦੋਵਾਂ ਸਦਨਾਂ ਤੋਂ ਵਾਕਆਊਟ ਕਰ ਦਿੱਤਾ। ਸਦਨ ਦੀ ਬੈਠਕ ਹੁੰਦੇ ਹੀ ਕਾਂਗਰਸ ਅਤੇ ਡੀਐਮਕੇ ਦੇ ਮੈਂਬਰ ਕੁਝ ਮੁੱਦੇ ਉਠਾਉਣਾ ਚਾਹੁੰਦੇ ਸਨ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡੀਐਮਕੇ ਨੇਤਾ ਟੀਆਰ ਬਾਲੂ ਸਮੇਤ ਮੈਂਬਰ ਸਦਨ ਵਿੱਚ ਕਿਹੜੇ ਮੁੱਦੇ ਉਠਾਉਣਾ ਚਾਹੁੰਦੇ ਸਨ।
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅਪ੍ਰੈਲ 2020 ਤੋਂ ਭਾਰਤ ਅਤੇ ਚੀਨ ਵਿਚਾਲੇ ਤਣਾਅ ‘ਤੇ ਸੰਸਦ ‘ਚ ਇਕ ਵਾਰ ਵੀ ਚਰਚਾ ਨਹੀਂ ਹੋਈ ਹੈ। ਸਾਡੇ ਬਹਾਦਰ ਸੈਨਿਕ ਚੀਨ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ ਪਰ ਚੀਨ ਸਰਹੱਦ ‘ਤੇ ਤਣਾਅ ਕਿਉਂ ਵਧਾ ਰਿਹਾ ਹੈ, ਇਸ ‘ਤੇ ਸੰਸਦ ‘ਚ ਵਿਆਪਕ ਚਰਚਾ ਦੀ ਲੋੜ ਹੈ। ਇਸ ਲਈ ਮੈਂ ਕੱਲ੍ਹ ਵੀ ਕੰਮ ਰੋਕੂ ਮਤਾ ਦਿੱਤਾ ਸੀ ਅਤੇ ਅੱਜ ਵੀ ਕੰਮ ਰੋਕੂ ਮਤਾ ਦਿੱਤਾ ਹੈ ਅਤੇ ਇਸ ਮੁੱਦੇ ਨੂੰ ਲੋਕ ਸਭਾ ਵਿੱਚ ਚੁੱਕਿਆ ਜਾਵੇਗਾ।