ਚੰਡੀਗੜ੍ਹ 28 ਅਕਤੂਬਰ 2022: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵੱਲੋਂ ਸ਼ੁੱਕਰਵਾਰ ਨੂੰ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ ‘ਚ ਅੱਤਵਾਦ ਵਿਰੋਧੀ ਕਮੇਟੀ ਦੀ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ। ਇਸ ਦੌਰਾਨ ਕਮੇਟੀ ਮੈਂਬਰਾਂ ਨੇ 26/11 ਦੇ ਹਮਲੇ ਨੂੰ ਯਾਦ ਕਰਦਿਆਂ ਇੱਥੇ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ (Dr. S Jaishankar) ਨੇ ਕਿਹਾ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਅੱਤਵਾਦ ਵਿਰੋਧੀ ਕਮੇਟੀ ਲਈ ਉਸ ਥਾਂ ‘ਤੇ ਇਕੱਠੇ ਹੋਣਾ ਬਹੁਤ ਮਹੱਤਵਪੂਰਨ ਹੈ ਜਿੱਥੇ 26/11 ਦਾ ਹਮਲਾ ਹੋਇਆ ਸੀ। ਸਾਨੂੰ ਮਿਲ ਕੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਅਤੇ ਇਸ ਦੇ ਮੈਂਬਰ ਦੇਸ਼ ਅੱਤਵਾਦੀਆਂ ਨੂੰ ਜਵਾਬਦੇਹ ਠਹਿਰਾਉਣ ਵਿਚ ਕਦੇ ਵੀ ਹਾਰ ਨਹੀਂ ਮੰਨਣਗੇ।
ਉਨ੍ਹਾਂ ਕਿਹਾ “ਅਸੀਂ 26/11 ਹਮਲੇ ਦੇ ਮਾਸਟਰਮਾਈਂਡ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਕੰਮ ਅਜੇ ਵੀ ਅਧੂਰਾ ਹੈ।” ਇਸ ਦੌਰਾਨ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ 26/11 ਦੀ ਯਾਦਗਾਰ ‘ਤੇ ਸ਼ਰਧਾਂਜਲੀ ਭੇਟ ਕੀਤੀ| ਉਨ੍ਹਾਂ ਕਿਹਾ ਕਿ “26/11 ਦੇ ਹਮਲੇ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਹੈ। ਅਸੀਂ ਪੀੜਤਾਂ ਦੀ ਆਵਾਜ਼ ਸੁਣੀ ਹੈ। ਅਸੀਂ ਇਸ ਸਦਮੇ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਅੱਤਵਾਦੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਰਹੀਏ। ਉਨ੍ਹਾਂ ਕਿਹਾ, ਅੱਤਵਾਦ ਦਾ ਮੁਕਾਬਲਾ ਕਰਨ ਦਾ ਇਕ ਮੁੱਖ ਪਹਿਲੂ ਅੱਤਵਾਦ ਦੇ ਵਿੱਤ ਪੋਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣਾ ਹੈ। ਇਹ ਸਾਡੀ ਸਮੂਹਿਕ ਭਰੋਸੇਯੋਗਤਾ ਅਤੇ ਸਾਡੇ ਸਮੂਹਿਕ ਹਿੱਤਾਂ ਨੂੰ ਕਮਜ਼ੋਰ ਕਰਦਾ ਹੈ।