ਚੰਡੀਗੜ੍ਹ 23 ਦਸੰਬਰ 2022: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ (Ruchira Kamboj) ਨੇ ਅਜਿਹੀ ਜਾਣਕਾਰੀ ਦਿੱਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਕਿਸੇ ਵੀ ਹਾਲਤ ਵਿੱਚ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਦਾ। ਸੁਰੱਖਿਆ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਰੁਚਿਰਾ ਕੰਬੋਜ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਗੈਰ-ਸਥਾਈ ਮੈਂਬਰ ਵਜੋਂ 2021-22 ਦੇ ਕਾਰਜਕਾਲ ਦੌਰਾਨ ਅਜਿਹਾ ਸਮਾਂ ਆਇਆ ਜਦੋਂ ਭਾਰਤ ਨੂੰ ਇਕੱਲਿਆਂ ਖੜ੍ਹਾ ਹੋਣਾ ਪਿਆ, ਪਰ ਭਾਰਤ ਨੇ ਉਨ੍ਹਾਂ ਸਿਧਾਂਤਾਂ ਨੂੰ ਨਹੀਂ ਛੱਡਿਆ ਜਿਨ੍ਹਾਂ ਵਿਚ ਉਹ ਵਿਸ਼ਵਾਸ ਕਰਦਾ ਹੈ।
ਦਸੰਬਰ ਮਹੀਨੇ ਲਈ 15 ਦੇਸ਼ਾਂ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨ ਰੁਚਿਰਾ ਕੰਬੋਜ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਅਸੀਂ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਦੇ ਸਮਰਥਨ ਵਿੱਚ ਗੱਲ ਕੀਤੀ ਹੈ। ਅਸੀਂ ਅੱਤਵਾਦ ਵਰਗੇ ਮਨੁੱਖਤਾ ਦੇ ਸਾਂਝੇ ਦੁਸ਼ਮਣਾਂ ਵਿਰੁੱਧ ਆਪਣੀ ਆਵਾਜ਼ ਉਠਾਉਣ ਤੋਂ ਸੰਕੋਚ ਨਾ ਕਰਨ ‘ਤੇ ਜ਼ੋਰ ਦਿੱਤਾ ਹੈ ।
ਰੁਚਿਰਾ ਕੰਬੋਜ ਨੇ ਕਿਹਾ ਕਿ ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਕਾਰਜਕਾਲ ਦੌਰਾਨ ਅਜਿਹਾ ਸਮਾਂ ਆਇਆ ਜਦੋਂ ਸਾਨੂੰ ਇਕੱਲੇ ਖੜ੍ਹੇ ਹੋਣਾ ਪਿਆ। ਉਸ ਸਮੇਂ ਦੌਰਾਨ ਸਾਡੇ ਕੋਲ ਇਕ ਵਿਕਲਪ ਇਹ ਸੀ ਕਿ ਅਸੀਂ ਉਨ੍ਹਾਂ ਸਿਧਾਂਤਾਂ ਨੂੰ ਛੱਡ ਦੇਈਏ ਜਿਨ੍ਹਾਂ ਵਿੱਚ ਅਸੀਂ ਸੱਚਮੁੱਚ ਵਿਸ਼ਵਾਸ ਕਰਦੇ ਹਾਂ। ਪਰ ਅਸੀਂ ਆਪਣੇ ਸਟੈਂਡ ‘ਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ਕੁਝ ਮਾਮਲਿਆਂ ਵਿੱਚ ਜਿੱਥੇ ਸਾਡੇ ਕੌਂਸਲ ਦੇ ਕੁਝ ਮੈਂਬਰਾਂ ਨਾਲ ਵਾਸਤਵਿਕ ਮਤਭੇਦ ਸਨ ਜਿਵੇਂ ਕਿ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਵਿੱਚ ਸੁਰੱਖਿਆ ਪ੍ਰੀਸ਼ਦ ਦੀ ਭੂਮਿਕਾ ਦੇ ਮੁੱਦੇ ’ਤੇ ਭਾਰਤ ਦਾ ਵਿਰੋਧ ਸਿਧਾਂਤਾਂ ’ਤੇ ਆਧਾਰਿਤ ਸੀ।