ਚੰਡੀਗੜ੍ਹ, 17 ਅਪ੍ਰੈਲ 2023: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਅਣਪਛਾਤੇ ਵਿਅਕਤੀਆਂ ਵਲੋਂ ਭਾਜਪਾ ਆਗੂ ‘ਤੇ ਗੋਲੀਬਾਰੀ ਕਰਕੇ ਜ਼ਖਮੀ ਕਰ ਦਿੱਤਾ | ਜੰਡਿਆਲਾ ਗੁਰੂ ਦੇ ਰਹਿਣ ਵਾਲੇ ਭਾਜਪਾ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ (Balwinder Gill) ਆਪਣੇ ਘਰ ‘ਚ ਮੌਜੂਦ ਸਨ। ਇਸ ਦੌਰਾਨ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਆ ਕੇ ਉਨ੍ਹਾਂ ਨੂੰ ਬਾਹਰ ਬੁਲਾ ਕੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਕੇਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਐਸਐਸਪੀ ਦਿਹਾਤੀ ਸਤਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਰਾਤ ਕਰੀਬ 9 ਵਜੇ ਵਾਪਰੀ। ਦੋਵਾਂ ਹਮਲਾਵਰਾਂ ਦੇ ਮੂੰਹ ਢਕੇ ਹੋਏ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਂ ਜੋ ਹਮਲਾਵਰਾਂ ਦਾ ਕੋਈ ਸੁਰਾਗ ਮਿਲ ਸਕੇ। ਭਾਜਪਾ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਉਹ ਵਧੇਰੇ ਜਾਣਕਾਰੀ ਨਹੀਂ ਦੇ ਸਕਦੇ ਪਰ ਜਲਦੀ ਹੀ ਪੁਲਿਸ ਮੁਲਜ਼ਮਾਂ ਕਾਬੂ ਕਰ ਲਵੇਗੀ |