ਚੰਡੀਗੜ੍ਹ, 19 ਜਨਵਰੀ 2024: ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਪੈਂਦੇ ਪੱਟੀ ਵਿੱਚ, ਅਣਪਛਾਤੇ ਹਮਲਾਵਰਾਂ ਨੇ ਇੱਥੇ ਇੱਕ ਹੋਮਿਓਪੈਥਿਕ ਕਲੀਨਿਕ ਚਲਾ ਰਹੇ ਇੱਕ ਡਾਕਟਰ ਅਤੇ ਇੱਕ ਨਰਸ ‘ਤੇ ਗੋਲੀਆਂ (firing) ਚਲਾ ਦਿੱਤੀਆਂ। ਹਮਲਾਵਰਾਂ ਨੇ 3 ਤੋਂ 4 ਰਾਊਂਡ ਫਾਇਰ ਕੀਤੇ। ਇਸ ਹਮਲੇ ਵਿੱਚ ਇੱਕ ਗੋਲੀ ਕਲੀਨਿਕ ਦੇ ਡਾਕਟਰ ਨਿਸ਼ਾਨ ਸਿੰਘ ਦੀ ਲੱਤ ਵਿੱਚ ਲੱਗੀ। ਜਦਕਿ ਇਕ ਗੋਲੀ ਡਾਕਟਰ ਦੇ ਕੋਲ ਕੰਮ ਕਰ ਰਹੀ ਨਰਸ ਸ਼ਵੇਤਾ ਸ਼ਰਮਾ ਦੀ ਬਾਂਹ ‘ਚ ਲੱਗੀ ਹੈ।
ਦੋਵਾਂ ਨੂੰ ਪੱਟੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜ਼ਖ਼ਮੀ ਹੋਏ ਡਾਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਹਮਲਾਵਰ ਦਵਾਈ ਲੈਣ ਦੇ ਬਹਾਨੇ ਕਲੀਨਿਕ ਵਿੱਚ ਦਾਖ਼ਲ ਹੋਏ ਸਨ। ਡਾਕਟਰ ਨੇ ਦੱਸਿਆ ਕਿ ਪਹਿਲਾਂ ਹਮਲਾਵਰ ਨੇ ਉਸ ਨੂੰ ਪੁੱਛਿਆ ਕਿ ਤੁਹਾਡਾ ਨਾਂ ਕੀ ਹੈ। ਜਦੋਂ ਉਸ ਨੇ ਨਿਸ਼ਾਨ ਸਿੰਘ ਕਿਹਾ ਤਾਂ ਹਮਲਾਵਰ ਨੇ ਕਿਹਾ ਕਿ ਕਿਆ ਮੋਕੇ ਦੀ ਦਵਾਈ ਤੁਹਾਡੇ ਕੋਲ ਮੌਜੂਦ ਹੈ।
ਜਦੋਂ ਡਾ: ਨਿਸ਼ਾਨ ਸਿੰਘ ਨੇ ਹਾਂ ਕਿਹਾ ਤਾਂ ਹਮਲਾਵਰ ਨੇ ਨਾਲ ਹੀ ਆਪਣੀ ਪਿਸਤੌਲ ਕੱਢ ਲਈ। ਡਾਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿਸਤੌਲ ਦੇਖ ਕੇ ਉਹ ਕਲੀਨਿਕ ਵਾਲੀ ਸਾਈਡ ਵੱਲ ਭੱਜਿਆ। ਹਮਲਾਵਰ ਨੇ 3 ਤੋਂ 4 ਗੋਲੀਆਂ (firing) ਚਲਾਈਆਂ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।