June 30, 2024 10:13 am
Pakistan

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਪਾਕਿਸਤਾਨ ਪਹੁੰਚੇ, ਅੰਤਰਰਾਸ਼ਟਰੀ ਭਾਈਚਾਰੇ ਨੂੰ ਮਦਦ ਦੀ ਕੀਤੀ ਅਪੀਲ

ਚੰਡੀਗੜ੍ਹ 09 ਸਤੰਬਰ 2022: ਪਾਕਿਸਤਾਨ (Pakistan) ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ (António Guterres) ਅੱਜ ਦੋ ਦਿਨਾਂ ਦੌਰੇ ‘ਤੇ ਪਾਕਿਸਤਾਨ ਪਹੁੰਚੇ।

ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ”ਮੈਂ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਪਾਕਿਸਤਾਨੀ ਲੋਕਾਂ ਨਾਲ ਡੂੰਘੀ ਇਕਜੁੱਟਤਾ ਪ੍ਰਗਟ ਕਰਨ ਲਈ ਪਾਕਿਸਤਾਨ ਆਇਆ ਹਾਂ।

ਇਸਦੇ ਨਾਲ ਹੀ ਐਂਟੋਨੀਓ ਗੁਟੇਰਸ (António Guterres) ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੱਡੇ ਪੱਧਰ ‘ਤੇ ਸਮਰਥਨ ਦੀ ਅਪੀਲ ਕਰਦਾ ਹਾਂ। ਜਾਣਕਾਰੀ ਮੁਤਾਬਕ ਗੁਟੇਰਸ ਪਾਕਿਸਤਾਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਨੈਸ਼ਨਲ ਫਲੱਡ ਰਿਸਪਾਂਸ ਐਂਡ ਕੋਆਰਡੀਨੇਸ਼ਨ ਸੈਂਟਰ (NFRCC) ਦਾ ਵੀ ਦੌਰਾ ਕਰਨਗੇ।

ਜਿਕਰਯੋਗ ਹੈ ਕਿ ਲਗਭਗ ਦੋ ਹਫ਼ਤੇ ਪਹਿਲਾਂ ਪਾਕਿਸਤਾਨ (Pakistan) ਨੇ ਭਾਰੀ ਬਾਰਿਸ਼ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ 160 ਮਿਲੀਅਨ ਡਾਲਰ ਦੀ ਅਪੀਲ ਕੀਤੀ ਸੀ। ਹੜ੍ਹਾਂ ਨੇ ਪਾਕਿਸਤਾਨ ਵਿੱਚ ਲਗਭਗ 1,350 ਨਾਗਰਿਕ ਦੀ ਮੌਤ ਹੋ ਚੁੱਕੀ ਹੈ ਅਤੇ ਜੂਨ ਦੀ ਸ਼ੁਰੂਆਤ ਤੋਂ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਡੁੱਬ ਗਿਆ ਹੈ। ਪਾਕਿਸਤਾਨ ਸਰਕਾਰ ਦੁਆਰਾ ਮੰਗੇ ਗਏ 160 ਮਿਲੀਅਨ ਡਾਲਰ 5.2 ਮਿਲੀਅਨ ਲੋਕਾਂ ਨੂੰ ਭੋਜਨ, ਪਾਣੀ, ਐਮਰਜੈਂਸੀ ਸਿੱਖਿਆ, ਸੁਰੱਖਿਆ ਅਤੇ ਸਿਹਤ ਸਹਾਇਤਾ ਪ੍ਰਦਾਨ ਕਰਨਗੇ।