July 5, 2024 6:07 am
ਪੰਜਾਬ ਕੇਂਦਰੀ ਯੂਨੀਵਰਸਿਟੀ

ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਨਵੇਂ ਉਸਾਰੇ ਜਾਣ ਵਾਲੇ ਪ੍ਰਬੰਧਕੀ ਬਲਾਕ ਅਤੇ ਕੇਂਦਰੀ ਲਾਇਬ੍ਰੇਰੀ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਰੱਖਿਆ ਨੀਂਹ ਪੱਥਰ

ਬਠਿੰਡਾ, 25 ਫਰਵਰੀ 2024: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਅੱਜ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼(ਸੇਵਾਮੁਕਤ ਆਈ. ਏ. ਐਸ) ਦੁਆਰਾ ਪ੍ਰਬੰਧਕੀ ਬਲਾਕ ਅਤੇ ਕੇਂਦਰੀ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਯੂਨੀਵਰਸਿਟੀ ਦੇ ਕੇਂਦਰੀ ਹਾਲ ਵਿਚ ਕਰਵਾਏ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ.(ਡਾ.) ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਆਪਣੇ ਸੰਬੋਧਨ ਵਿਚ ਮਾਨਯੋਗ ਮੰਤਰੀ ਸਾਹਿਬ ਦਾ ਸਵਾਗਤ ਕਰਦੇ ਹੋਏ ਲਗਭਗ 36 ਕਰੋੜ ਦੀ ਅਨੁਮਾਨੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਇਹਨਾਂ ਇਮਾਰਤਾਂ ਨੂੰ ਯੂਨੀਵਰਸਿਟੀ ਦੇ ਵਿਕਾਸ ਵਿਚ ਮਹੱਤਵਪੂਰਨ ਕਦਮ ਦੱਸਿਆ।

ਮਾਨਯੋਗ ਵਾਈਸ ਚਾਂਸਲਰ ਨੇ ਕੇਵਲ 15 ਸਾਲ ਪਹਿਲਾਂ ਹੋਂਦ ਵਿੱਚ ਆਈ ਯੂਨੀਵਰਸਿਟੀ ਦੀਆਂ ਗੌਲਣਯੋਗ ਪ੍ਰਾਪਤੀਆਂ ਉਪਰ ਚਾਨਣਾ ਪਾਇਆ ਅਤੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਮਾਨਯੋਗ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ ਅਨੁਸਾਰ ਖੋਜ ਅਤੇ ਤਕਨੀਕੀ ਹੁਨਰ ਵਿਚ ਉਚ ਸਮਰੱਥਾ ਵਾਲੇ ਨੌਜਵਾਨ ਦਿਮਾਗਾਂ ਨੂੰ ਸਿਖਲਾਈ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਟੀਚਾ ਪ੍ਰਧਾਨ ਮੰਤਰੀ ਦੁਆਰਾ ਕਲਪਿਤ ‘ਵਿਕਸਿਤ ਭਾਰਤ 2047’ ਦੀ ਦ੍ਰਿਸ਼ਟੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਯੋਗ ਬਣਾਉਣਾ ਮਿਥਿਆ ਗਿਆ ਹੈ।

ਇਸ ਮੌਕੇ ’ਤੇ ਮਾਨਯੋਗ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪਣੇ ਸੰਬੋਧਨ ਵਿਚ ਯੂਨੀਵਰਸਿਟੀ ਦੇ ਨੈਕ ਏ+ ਗ੍ਰੇਡ ਅਤੇ ਐਨਆਈਆਰਐਫ ਅਨੁਸਾਰ ਭਾਰਤ ਵਿਚ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿਚ ਸਥਾਨ ਪ੍ਰਾਪਤ ਕਰਨ ਦੀ ਸ਼ਾਨਦਾਰ ਉਪਲੱਬਧੀ ਨੂੰ ਸਵੀਕਾਰਦੇ ਹੋਏ ਵਾਈਸ ਚਾਂਸਲਰ ਪ੍ਰੋ (ਡਾ.) ਰਾਘਵੇਂਦਰ ਪੀ ਤਿਵਾਰੀ ਦੀ ਯੂਨੀਵਰਸਿਟੀ ਪ੍ਰਤੀ ਦੂਰਦ੍ਰਿਸ਼ਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਵਿਚ ਕਾਬਲੀਅਤ ਦੀਆਂ ਅਸੀਮ ਸੰਭਾਵਾਨਾਵਾਂ ਹਨ, ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।

ਮਾਨਯੋਗ ਮੰਤਰੀ ਦੁਆਰਾ ਸਿੱਧੇ ਵਿਦੇਸ਼ੀ ਨਿਵੇਸ਼( ਐਫ.ਡੀ.ਆਈ.) ਵਿੱਚ ਵਾਧੇ ਅਤੇ ਕਾਰੋਬਾਰ ਕਰਨ ਵਿੱਚ ਸੌਖ ਅਤੇ ਦੇਸ਼ ਦੀ ਉੱਚ ਦਰਜੇਬੰਦੀ ਦਾ ਹਵਾਲਾ ਦਿੰਦੇ ਹੋਏ ਵਿਸ਼ਵ ਪੱਧਰ ‘ਤੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਵਜੋਂ ਭਾਰਤ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਅਤੇ ਵਚਨਬੱਧਤਾ ਨੂੰ ਦਿੱਤਾ ।

ਉਹਨਾਂ ਨੇ ਇਸ ਨੀਂਹ ਪੱਥਰ ਪ੍ਰੋਗਰਾਮ ਨੂੰ ਮਾਨਯੋਗ ਮੰਤਰੀ ਦੁਆਰਾ ਅਕਾਦਮਿਕ ਉਤੱਮਤਾ ਪ੍ਰਾਪਤ ਕਰਨ ਅਤੇ ਤਰੱਕੀ ਵਿਚ ਯੋਗਦਾਨ ਪਾਉਣ ਲਈ ਯੂਨੀਵਰਸਿਟੀ ਦੇ ਯਤਨਾਂ ਅਤੇ ਵਚਨਬੱਧਤਾ ਦਾ ਹੀ ਪ੍ਰਮਾਣ ਦੱਸਿਆ। ਯੂਨੀਵਰਸਿਟੀ ਦੇ ਰਜਿਸਟਰਾਰ, ਵਿਜੇ ਕੁਮਾਰ ਸ਼ਰਮਾ ਨੇ ਇਸ ਪ੍ਰੋਗਰਾਮ ਵਿਚ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਰਾਮਾਕ੍ਰਿਸ਼ਨ ਵਸੂਰਿਕਾ(ਡੀਨ ਇੰਚਾਰਜ ਅਕਾਦਮਿਕ), ਪ੍ਰੋ. ਬੀ.ਪੀ.ਗਰਗ(ਪ੍ਰੀਖਿਆਵਾਂ ਕੰਟਰੋਲਰ), ਪ੍ਰੋ. ਸੰਜੀਵ ਠਾਕੁਰ(ਡੀਨ ਵਿਦਿਆਰਥੀ ਭਲਾਈ), ਪ੍ਰੋ. ਮੋਨੀਸ਼ਾ ਧੀਮਾਨ(ਡਾਇਰੈਕਟਰ ਆਈ.ਕਿਊ.ਏ.ਸੀ.), ਪ੍ਰੋ. ਮਨਜੀਤ ਬਾਂਸਲ, ਸੌਰਭ ਗੁਪਤਾ(ਕਾਰਜਕਾਰੀ ਇੰਜੀਨੀਅਰ), ਪੁਨੀਤ ਜੱਸਲ(ਸਹਾਇਕ ਇੰਜੀਨੀਅਰ), ਪੁਨੀਤ ਕੁਮਾਰ (ਜੇ.ਈ.), ਮਨੋਜ ਕੁਮਾਰ (ਜੇ.ਈ.),ਇਕਬਾਲ ਸਿੰਘ (ਐਸ.ਆਈ)ਸਮੇਤ ਫੈਕਲਟੀ ਮੈਂਬਰ ਅਤੇ ਨਾਨ-ਟੀਚਿੰਗ ਸਟਾਫ਼ ਵੀ ਹਾਜ਼ਰ ਸਨ।