Site icon TheUnmute.com

ਕੇਂਦਰੀ ਮੰਤਰੀ ਕਿਰਨ ਰਿਜਿਜੂ ਵਲੋਂ ਤਵਾਂਗ ‘ਚ ਜਵਾਨਾਂ ਨਾਲ ਮੁਲਾਕਾਤ, ਰਾਹੁਲ ਗਾਂਧੀ ਦੇ ਬਿਆਨ ਦੀ ਕੀਤੀ ਆਲੋਚਨਾ

Kiren Rijiju

ਚੰਡੀਗੜ੍ਹ 17 ਦਸੰਬਰ 2022: ਭਾਰਤ-ਚੀਨ ਮੁੱਦੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇਤਾ ਦੇ ਬਿਆਨ ਦੀ ਭਾਜਪਾ ਲਗਾਤਾਰ ਆਲੋਚਨਾ ਕਰ ਰਹੀ ਹੈ। ਹੁਣ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਵੀ ਰਾਹੁਲ ‘ਤੇ ਤਿੱਖਾ ਹਮਲਾ ਕੀਤਾ ਹੈ। ਸ਼ਨੀਵਾਰ ਨੂੰ ਇਕ ਟਵੀਟ ‘ਚ ਕੇਂਦਰੀ ਮੰਤਰੀ ਨੇ ਕਿਹਾ, ਰਾਹੁਲ ਗਾਂਧੀ ਨਾ ਸਿਰਫ ਭਾਰਤੀ ਫੌਜ ਦਾ ਅਪਮਾਨ ਕਰ ਰਹੇ ਹਨ, ਸਗੋਂ ਦੇਸ਼ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ।

ਦਰਅਸਲ ਰਿਜਿਜੂ (Kiren Rijiju) ਸ਼ਨੀਵਾਰ ਸਵੇਰੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਪਹੁੰਚੇ ਸਨ। ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਸਾਡੇ ਜਵਾਨ ਇੱਥੇ ਪੂਰੀ ਤਰ੍ਹਾਂ ਤਿਆਰ ਹਨ ਅਤੇ ਤਵਾਂਗ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੌਰਾਨ ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਰਾਹੁਲ ਗਾਂਧੀ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹ ਨਾ ਸਿਰਫ ਕਾਂਗਰਸ ਪਾਰਟੀ ਲਈ ਸਮੱਸਿਆ ਹਨ, ਸਗੋਂ ਦੇਸ਼ ਲਈ ਵੱਡੀ ਨਮੋਸ਼ੀ ਬਣ ਗਏ ਹਨ।

ਜਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੇ 100 ਦਿਨ ਪੂਰੇ ਹੋਣ ‘ਤੇ ਰਾਹੁਲ ਗਾਂਧੀ ਨੇ ਜੈਪੁਰ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਚੀਨ ਮੁੱਦੇ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਤਵਾਂਗ ਮੁੱਦੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੀ ਸਰਕਾਰ ਸੁੱਤੀ ਪਈ ਹੈ ਅਤੇ ਚੀਨ ਨੇ ਜੰਗ ਦੀ ਤਿਆਰੀ ਕਰ ਲਈ ਹੈ। ਭਾਰਤ ਸਰਕਾਰ ਰਣਨੀਤਕ ਤੌਰ ‘ਤੇ ਕੰਮ ਨਹੀਂ ਕਰਦੀ, ਇਹ ਘਟਨਾ ਦੇ ਆਧਾਰ ‘ਤੇ ਕੰਮ ਕਰਦੀ ਹੈ। ਜਦੋਂ ਭੂਗੋਲਿਕ ਰਾਜਨੀਤੀ ਦੀ ਗੱਲ ਆਉਂਦੀ ਹੈ, ਉੱਥੇ ਘਟਨਾਵਾਂ ਕੰਮ ਨਹੀਂ ਕਰਦੀਆਂ, ਤਾਕਤ ਕਰਦੀਆਂ ਹਨ।

ਦੂਜੇ ਪਾਸੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਇਹ 1962 ਦਾ ਭਾਰਤ ਨਹੀਂ, ਇਹ 2014 ਦਾ ਭਾਰਤ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੇਸ਼ ਅੱਗੇ ਵੱਧ ਰਿਹਾ ਹੈ। ਯੂਪੀਏ ਸਰਕਾਰ 10 ਸਾਲਾਂ ਤੱਕ ਸਾਡੀ ਫੌਜ ਲਈ ਲੜਾਕੂ ਜਹਾਜ਼, ਬੁਲੇਟ ਪਰੂਫ ਜੈਕਟ ਜਾਂ ਬਰਫ ਦੇ ਬੂਟ ਨਹੀਂ ਖਰੀਦ ਸਕੀ। ਤੁਸੀਂ ਸਾਡੀ ਫੌਜ ਲਈ ਕੀ ਕੀਤਾ ਹੈ? ਕੇਂਦਰੀ ਮੰਤਰੀ ਨੇ ਅੱਗੇ ਕਿਹਾ, ਅੱਜ ਭਾਰਤ ਵਿੱਚ 300 ਤੋਂ ਵੱਧ ਰੱਖਿਆ ਵਸਤੂਆਂ ਬਣ ਰਹੀਆਂ ਹਨ।

Exit mobile version