ਚੰਡੀਗੜ੍ਹ 17 ਮਈ 2022: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਅੱਜ ਅਮਰਨਾਥ ਯਾਤਰਾ (Amarnath Yatra) ਸੰਬੰਧੀ ਉੱਚ ਪੱਧਰੀ ਬੈਠਕ ਬੁਲਾਈ ਗਈ | ਇਸ ਦੌਰਾਨ ਬੈਠਕ ‘ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ । ਜਿਕਰਯੋਗ ਹੈ ਕਿ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ ਯਾਤਰਾ 3,888 ਮੀਟਰ ਦੀ ਉੱਚਾਈ ’ਤੇ ਸਥਿਤ ਗੁਫ਼ਾ ਮੰਦਰ ਤੱਕ ਕੀਤੀ ਜਾਂਦੀ ਹੈ, ਜੋ ਭਗਵਾਨ ਸ਼ਿਵ ਨੂੰ ਸਮਰਪਿਤ ਹੈ।
ਇਸ ਉੱਚ ਪੱਧਰੀ ਬੈਠਕ ’ਚ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਗ੍ਰਹਿ ਸਕੱਤਰ, ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਵੀ ਮੌਜੂਦ ਰਹੇ । ਇਸਦੇ ਨਾਲ ਹੀ ਸੂਤਰਾਂ ਮੁਤਾਬਕ ਹਾਲ ਹੀ ’ਚ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਕਾਰਨ ਪੈਦਾ ਸਥਿਤੀ ਦਾ ਵੀ ਬੈਠਕ ’ਚ ਜਾਇਜ਼ਾ ਲਿਆ ।
ਤੁਹਾਨੂੰ ਦੱਸ ਦਈਏ ਕਿ ਅਮਰਨਾਥ ਯਾਤਰਾ ਕੋਰੋਨਾ ਵਾਇਰਸ ਕਾਰਨ ਪਿਛਲੇ ਦੋ ਸਾਲਾਂ ਤੋਂ ਯਾਤਰਾ ਲਗਾਤਾਰ ਮੁਲਤਵੀ ਹੋ ਰਹੀ ਸੀ । ਇਸ ਬੈਠਕ ’ਚ ਯਾਤਰਾ ਦੌਰਾਨ ਮੌਸਮ, ਸੰਚਾਰ ਵਿਵਸਥਾ, ਯਾਤਰਾ ਮਾਰਗ ’ਤੇ ਸੁਰੱਖਿਆ, ਸ਼ਰਧਾਲੂਆਂ ਲਈ ਸਿਹਤ ਸਹੂਲਤਾਂ ਅਤੇ ਹੋਰ ਜ਼ਰੂਰਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ।
ਇਸ ਦੌਰਾਨ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ (Amarnath Yatra) ਨਾਲ ਸਬੰਧਤ ਜ਼ਰੂਰੀ ਜਾਣਕਾਰੀ ਲੈਣ ਤੋਂ ਬਾਅਦ ਸਾਰੀਆਂ ਤਿਆਰੀਆਂ ਨੂੰ ਪੁਖ਼ਤਾ ਕਰਨ ਅਤੇ ਸੁਰੱਖਿਆ ਵਿਵਸਥਾ ’ਤੇ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ। ਇਸ ਦੌਰਾਨ ਸੁਰੱਖਿਆ ਅਤੇ ਖ਼ੁਫੀਆ ਏਜੰਸੀਆਂ ਨੇ ਗ੍ਰਹਿ ਮੰਤਰੀ ਨੂੰ ਸੂਬੇ ਦੇ ਹਾਲਾਤ ਬਾਰੇ ਤੱਥਾਂ ਅਤੇ ਅਸਲ ਸਥਿਤੀ ਤੋਂ ਜਾਣੂ ਕਰਵਾਇਆ। ਦੱਸ ਦੇਈਏ ਕਿ ਜੰਮੂ-ਕਸ਼ਮੀਰ ’ਚ ਪਿਛਲੇ ਕੁਝ ਹਫ਼ਤੇ ਵਿਚ ਅੱਤਵਾਦੀਆਂ ਨੇ ਵੱਖ-ਵੱਖ ਥਾਵਾਂ ’ਤੇ ਹਮਲਿਆਂ ਨੂੰ ਅੰਜ਼ਾਮ ਦਿੱਤਾ, ਜਿਸ ’ਚ ਕੁਝ ਲੋਕਾਂ ਦੀ ਮੌਤ ਹੋਈ ਹੈ।