Site icon TheUnmute.com

Union Budget 2025: ਕੇਂਦਰ ਸਰਕਾਰ ਵੱਲੋਂ ਬਜਟ 2025 ‘ਚ ਕਿਸਾਨਾਂ ਲਈ ਵੱਡੇ ਐਲਾਨ

Union Budget 2025

ਚੰਡੀਗੜ੍ਹ, 01 ਫਰਵਰੀ 2025: Union Budget 2025: ਕੇਂਦਰੀ ਬਜਟ ‘ਚ ਸਰਕਾਰ ਨੇ ਕਿਸਾਨ ਲਈ ਆਪਣਾ ਪਿਟਾਰਾ ਖੋਲ੍ਹਿਆ ਹੈ | ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ‘ਚ ਖੇਤੀਬਾੜੀ ਖੇਤਰ ਲਈ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ “ਪ੍ਰਧਾਨ ਮੰਤਰੀ ਧੰਨ-ਧਾਨਯ ਕ੍ਰਿਸ਼ੀ ਯੋਜਨਾ” ਦਾ ਐਲਾਨ ਕੀਤਾ ਹੈ | ਬਿਹਾਰ ‘ਚ ਮਖਾਨਾ ਬੋਰਡ ਦੀ ਸਿਰਜਣਾ ਅਤੇ ਅਸਾਮ ‘ਚ ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਧੰਨ-ਧਾਨਯ ਕ੍ਰਿਸ਼ੀ ਯੋਜਨਾ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਧੰਨ-ਧਾਨਯ ਕ੍ਰਿਸ਼ੀ ਯੋਜਨਾ ਦੇ ਤਹਿਤ, 100 ਅਜਿਹੇ ਜ਼ਿਲ੍ਹੇ ਚੁਣੇ ਜਾਣਗੇ ਜਿੱਥੇ ਖੇਤੀਬਾੜੀ ਉਤਪਾਦਕਤਾ ਘੱਟ ਹੈ। ਇਹ ਉਤਪਾਦਕਤਾ ਵਧਾਉਣ, ਖੇਤੀ ਵਿਭਿੰਨਤਾ, ਸਿੰਚਾਈ ਅਤੇ ਵਾਢੀ ਤੋਂ ਬਾਅਦ ਸਟੋਰੇਜ ਸਮਰੱਥਾ ਨੂੰ ਮਜ਼ਬੂਤ ​​ਕਰਨ ‘ਚ ਮੱਦਦ ਕਰੇਗਾ। ਇਸ ਯੋਜਨਾ ਦਾ ਲਾਭ 1.7 ਕਰੋੜ ਕਿਸਾਨਾਂ ਨੂੰ ਮਿਲੇਗਾ। ਹਰ ਤਰ੍ਹਾਂ ਦੇ ਕਿਸਾਨ ਇਸ ਦੇ ਦਾਇਰੇ ‘ਚ ਆਉਣਗੇ। ਚੰਗੇ ਖੇਤੀਬਾੜੀ ਢੰਗ ਅਪਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਉਹ ਦਾਲਾਂ ‘ਚ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨਗੇ। ਇਸ ਲਈ, ਖਾਣ ਵਾਲੇ ਤੇਲਾਂ ਦੇ ਉਤਪਾਦਨ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸਰਕਾਰ ਦਾਲਾਂ ‘ਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਅਰਹਰ, ਉੜਦ ਅਤੇ ਮਸਰ ਦੀ ਦਾਲ ਲਈ ਛੇ ਸਾਲਾ ਮਿਸ਼ਨ ਸ਼ੁਰੂ ਕਰੇਗੀ। NAFED ਅਤੇ NCCF ਤਿੰਨ ਕਿਸਮਾਂ ਦੀਆਂ ਦਾਲਾਂ ਖਰੀਦਣਗੇ। ਇਨ੍ਹਾਂ ਏਜੰਸੀਆਂ ‘ਚ ਰਜਿਸਟਰਡ ਕਿਸਾਨਾਂ ਤੋਂ ਦਾਲਾਂ ਖਰੀਦੀਆਂ ਜਾਣਗੀਆਂ।

ਸਬਜ਼ੀਆਂ, ਫਲਾਂ ਅਤੇ ਪੋਸ਼ਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਅਨਾਜ ਅਤੇ ਫਲਾਂ ਦੀ ਮੰਗ ਵਧ ਰਹੀ ਹੈ। ਇਸ ਲਈ ਸੂਬਿਆਂ ਦੇ ਸਹਿਯੋਗ ਨਾਲ ਇੱਕ ਯੋਜਨਾ ਸ਼ੁਰੂ ਕੀਤੀ ਜਾਵੇਗੀ। ਖੇਤੀਬਾੜੀ ਉਤਪਾਦਕ ਸੰਗਠਨਾਂ ਨੂੰ ਇਸਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਬਿਹਾਰ ‘ਚ ਮਖਾਨਾ ਬੋਰਡ ਬਣਾਇਆ ਜਾਵੇਗਾ। ਇਹ ਬਿਹਾਰ ਦੇ ਲੋਕਾਂ ਲਈ ਇੱਕ ਖਾਸ ਮੌਕਾ ਹੈ ਤਾਂ ਜੋ ਉਹ ਮਖਾਨੇ ਦੇ ਉਤਪਾਦਨ ਅਤੇ ਇਸਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰ ਸਕਣ। ਮਖਾਨਾ ਬੋਰਡ ਇਸ ‘ਚ ਕਿਸਾਨਾਂ ਦੀ ਮਦਦ ਕਰੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ 7.7 ਕਰੋੜ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਨੂੰ ਥੋੜ੍ਹੇ ਸਮੇਂ ਲਈ ਕਰਜ਼ਾ ਸਹੂਲਤ ਪ੍ਰਦਾਨ ਕਰਦਾ ਹੈ। ਕੇਸੀਸੀ ਰਾਹੀਂ ਲਈ ਗਈ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ।

ਅਸਾਮ ‘ਚ ਯੂਰੀਆ ਪਲਾਂਟ ਖੋਲ੍ਹਿਆ ਜਾਵੇਗਾ

ਕੇਂਦਰੀ ਵਿੱਤ ਮੰਤਰੀ ਨੇ ਅਸਾਮ ਦੇ ਨਾਮਰੂਪ ‘ਚ ਇੱਕ ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸਾਮ ਦੇ ਨਾਮਰੂਪ ‘ਚ 12.7 ਲੱਖ ਮੀਟ੍ਰਿਕ ਟਨ ਦੀ ਸਾਲਾਨਾ ਸਮਰੱਥਾ ਵਾਲਾ ਇੱਕ ਪਲਾਂਟ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰਬੀ ਖੇਤਰ ‘ਚ ਤਿੰਨ ਬੰਦ ਯੂਰੀਆ ਪਲਾਂਟ ਦੁਬਾਰਾ ਖੋਲ੍ਹ ਦਿੱਤੇ ਗਏ ਹਨ। ਇਹ ਯੂਰੀਆ ਉਤਪਾਦਨ ‘ਚ ਸਵੈ-ਨਿਰਭਰਤਾ ਵੱਲ ਇੱਕ ਕਦਮ ਹੈ। ਇਸ ਤੋਂ ਇਲਾਵਾ, ਸਰਕਾਰ ਸਹਿਕਾਰੀ ਖੇਤਰ ਨੂੰ ਕਰਜ਼ੇ ਦੇਣ ਦੇ ਕੰਮ ਲਈ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਨੂੰ ਸਹਾਇਤਾ ਪ੍ਰਦਾਨ ਕਰੇਗੀ।

ਕਿਸਾਨ ਕ੍ਰੈਡਿਟ ਕਾਰਡ ਦੇ ਅੰਕੜੇ

ਨਾਬਾਰਡ ਦੇ ਅੰਕੜਿਆਂ ਮੁਤਾਬਕ ਅਕਤੂਬਰ 2024 ਤੱਕ ਸਹਿਕਾਰੀ ਬੈਂਕਾਂ ਅਤੇ ਖੇਤਰੀ ਪੇਂਡੂ ਬੈਂਕਾਂ ਦੁਆਰਾ 167.53 ਲੱਖ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਸਨ। ਜਿਸਦੀ ਕੁੱਲ ਕ੍ਰੈਡਿਟ ਸੀਮਾ 1.73 ਲੱਖ ਕਰੋੜ ਰੁਪਏ ਸੀ। ਇਸ ‘ਚ ਡੇਅਰੀ ਕਿਸਾਨਾਂ ਲਈ 10,453.71 ਕਰੋੜ ਰੁਪਏ ਦੀ ਕ੍ਰੈਡਿਟ ਸੀਮਾ ਵਾਲੇ 11.24 ਲੱਖ ਕਾਰਡ ਅਤੇ ਮੱਛੀ ਪਾਲਕ ਕਿਸਾਨਾਂ ਲਈ 341.70 ਕਰੋੜ ਰੁਪਏ ਦੀ ਕ੍ਰੈਡਿਟ ਸੀਮਾ ਵਾਲੇ 65,000 ਕਿਸਾਨ ਕ੍ਰੈਡਿਟ ਕਾਰਡ ਸ਼ਾਮਲ ਹਨ।

Read More: Union Budget 2025: PM ਮੋਦੀ ਨੇ ਚੰਗੇ ਬਜਟ ਲਈ ਵਿੱਤ ਮੰਤਰੀ ਨੂੰ ਦਿੱਤੀ ਵਧਾਈ, ਹਰ ਕੋਈ ਇਸ ਬਜਟ ਦੀ ਕਰ ਰਿਹਾ ਪ੍ਰਸ਼ੰਸਾ

Exit mobile version