July 7, 2024 6:22 pm
Public Works Office

ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਲੋਕ ਨਿਰਮਾਣ ਦਫਤਰ ਦਾ ਅਚਨਚੇਤ ਦੌਰਾ

ਰੂਪਨਗਰ 31 ਅਕਤੂਬਰ 2022: ਲੋਕ ਨਿਰਮਾਣ ਤੇ ਊਰਜਾ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ ਵਲੋਂ ਲੋਕ ਨਿਰਮਾਣ ਦਫਤਰ ਰੂਪਨਗਰ ਦਾ ਅੱਜ ਅਚਨਚੇਤ ਦੌਰਾ ਕੀਤਾ ਗਿਆ ਅਤੇ ਗੈਰ ਹਾਜ਼ਰ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਨੋਟਿਸ ਲਿਆ। ਕੈਬਨਿਟ ਮੰਤਰੀ ਸਵੇਰੇ ਠੀਕ 9 ਵਜੇ ਲੋਕ ਨਿਰਮਾਣ ਦਫਤਰ ਪੁੱਜ ਗਏ ਸਨ।

ਇਸ ਮੌਕੇ ਉਨ੍ਹਾਂ ਨੇ ਲੇਟ ਪੁੱਜੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਲੇਟ ਆਉਣ ਬਾਰੇ ਪੁੱਛਿਆ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਾਬਤ ਗੈਰ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਉਪਰੰਤ ਕੈਬਨਿਟ ਮੰਤਰੀ ਨੇ ਪੀ.ਡਬਲਿਊ.ਡੀ ਦੇ ਰੈਸਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਸ਼ਹਿਰ ਦੇ ਪੱਤਵੰਤਿਆਂ ਨਾਲ ਮੀਟਿੰਗ ਕਰਕੇ ਵੱਖੋਂ ਵੱਖ ਵਿਕਾਸ ਪ੍ਰੋਜੈਕਟਾਂ ਅਤੇ ਮੁਸ਼ਕਿਲਾਂ ਸਬੰਧੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਹੱਲ ਸਬੰਧੀ ਮੌਕੇ ਉੱਤੇ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਨਾ ਚੱਲਣ ਅਤੇ ਸਰਹੰਦ ਨਹਿਰ ਉੱਤੇ ਨਿਰਮਾਣ ਅਧੀਨ ਪੁੱਲ ਸਬੰਧੀ ਮੁਸ਼ਕਿਲਾਂ ਬਹੁਤ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ।

ਇਸ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪੁੱਜੇ ਨੁਮਾਇੰਦਿਆਂ ਨੇ ਵੱਖੋਂ ਵੱਖ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਸਬੰਧੀ ਮੰਗਾਂ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ ਜਿਨ੍ਹਾਂ ਦੀ ਪੂਰਤੀ ਦਾ ਕੈਬਨਿਟ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ।

ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਪੂਰਨ ਇਮਾਨਦਾਰੀ ਦੇ ਨਾਲ ਜਿੰਨਾ ਕੰਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ ਉਨ੍ਹਾਂ ਕੰਮ ਅੱਜ ਤੱਕ ਕਿਸੇ ਸਰਕਾਰ ਵਲੋਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸਰਕਾਰ ਵਲੋਂ ਅਣਥੱਕ ਉਪਰਾਲੇ ਲਗਾਤਾਰ ਜਾਰੀ ਹਨ ਅਤੇ ਪੰਜਾਬ ਸਰਕਾਰ ਵਲੋਂ ਇਸ ਦਿਸ਼ਾਂ ਵਿੱਚ ਇਤਿਹਾਸਕ ਫੈਸਲੇ ਲਏ ਗਏ ਹਨ ਜਿਨ੍ਹਾਂ ਸਦਕਾ ਆਮ ਲੋਕਾਂ ਦੀ ਜਿੰਦਗੀ ਸੁਖਾਲੀ ਹੋਈ ਹੈ ਅਤੇ ਹਾਲ ਹੀ ਵਿੱਚ ਪੁਰਾਣੀ ਪੈਨਸ਼ਨ ਮੁੜ ਲਾਗੂ ਕਰਨ ਦਾ ਜੋ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਉਹ ਵੀ ਇਤਿਹਾਸਕ ਹੈ।

ਇਸ ਮੌਕੇ ਐਸ.ਪੀ. ਸ. ਰਾਜਪਾਲ ਸਿੰਘ ਹੁੰਦਲ, ਐਕਸੀਅਨ. ਪੀ.ਡਬਲਿਊ.ਡੀ. ਦਵਿੰਦਰ ਬਜਾਜ, ਗੌਰਵ ਕਪੂਰ, ਸਤਨਾਮ ਸਿੰਘ ਗਿੱਲ, ਸੁੱਚਾ ਸਿੰਘ, ਮਲਕੀਤ ਸਿੰਘ ਭੰਗੂ, ਸ਼ਿਵ ਕੁਮਾਰ ਲਾਲਪੁਰਾ, ਭਾਗ ਸਿੰਘ ਮੈਦਾਨ, ਸੁਰਜਨ ਸਿੰਘ ਅਤੇ ਹੋਰ ਪੱਤਵੰਤੇ ਸੱਜਣ ਹਾਜ਼ਰ ਸਨ।