July 7, 2024 12:37 pm
RTA office Mohali

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਆਰ.ਟੀ.ਏ ਦਫਤਰ ਮੋਹਾਲੀ ਦੀ ਅਚਨਚੇਤ ਚੈਕਿੰਗ

ਐਸ.ਏ.ਐਸ.ਨਗਰ 12 ਅਕਤੂਬਰ 2022: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਵੱਲੋਂ ਅੱਜ ਆਰ.ਟੀ.ਏ ਦਫ਼ਤਰ ਮੋਹਾਲੀ (RTA office Mohali) ਦਾ ਅਚਨਚੇਤ ਦੌਰਾ ਕੀਤਾ ਅਤੇ ਦਫ਼ਤਰ ਵਿੱਚ ਹੋ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਵੱਲੋਂ ਅੱਜ ਸਵੇਰੇ ਆਰ.ਟੀ.ਏ ਦਫ਼ਤਰ ਵਿਖੇ ਪਬਲਿਕ ਕਾਊਂਟਰਾਂ ਤੇ ਜਾ ਕੇ ਕਰਮਚਾਰੀਆਂ ਤੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਲਿਆ ਅਤੇ ਨਾਲ ਹੀ ਦਫ਼ਤਰ ਵਿੱਚ ਕੰਮ ਕਰਾਉਣ ਲਈ ਆਏ ਲੋਕਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ।

ਟਰਾਂਸਪੋਰਟ ਮੰਤਰੀ ਨੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ਤੇ ਨਿਰਦੇਸ਼ ਦਿੱਤੇ ਗਏ । ਅੱਜ ਦੇ ਦੌਰੇ ਦਾ ਮੰਤਵ ਦੱਸਦੇ ਹੋਏ ਸ੍ਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਸ਼ਾਸਕੀ ਸੁਧਾਰਾਂ ਅਤੇ ਸਰਕਾਰੀ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ । ਇਸ ਮੌਕੇ ਉਨ੍ਹਾਂ ਨੇ ਆਰ.ਟੀ.ਏ ਦਫ਼ਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਯਕੀਨੀ ਬਣਾਇਆ ਜਾਵੇ।

RTA office Mohali

ਉਨ੍ਹਾਂ ਨੇ ਆਰ.ਟੀ.ਏ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ ਤੇ ਹਦਾਇਤ ਕੀਤੀ ਕਿ ਜੋ ਵੀ ਲੋਕ ਟਰਾਂਸਪੋਰਟ ਨਾਲ ਸਬੰਧਤ ਆਪਣਾ ਕੰਮ ਕਰਾਉਣ ਆਉਂਦੇ ਹਨ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਕਾਗਜ਼ਾਤ ਅਧੂਰੇ ਹਨ ਜਾਂ ਕੋਈ ਹੋਰ ਕਮੀ ਪੇਸ਼ੀ ਹੈ ਤਾਂ ਉਸ ਬਾਰੇ ਇਕੋ ਸਮੇ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਜੋ ਲੋਕਾਂ ਨੂੰ ਵਾਰ-ਵਾਰ ਦਫ਼ਤਰ ਦੇ ਗੇੜੇ ਨਾ ਮਾਰਨੇ ਪੈਣ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋੜੀਂਦੇ ਕਾਗਜ਼ਾਤਾ ਦੀ ਲਿਸਟ ਵੀ ਬੋਰਡ ਤੇ ਲਗਾਈ ਜਾਵੇ ਤਾਂ ਜੋ ਉਸ ਨੂੰ ਪੜ੍ਹ ਕੇ ਹੀ ਲੋਕ ਆਪਣੇ ਕੰਮ ਲਈ ਅਪਲਾਈ ਕਰ ਸਕਣ ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਛੇਤੀ ਹੀ ਮੁਲਾਜ਼ਮਾਂ ਦੀ ਹਾਜ਼ਰੀ ਲਈ ਬਾਇਓਮੈਟ੍ਰਿਕ ਮਸ਼ੀਨਾਂ ਲਗਾਈਆਂ ਜਾਣਗੀਆ ਤਾਂ ਜੋ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਣਾਇਆ ਜਾ ਸਕੇ ।ਇਸ ਮੌਕੇ ਆਰ.ਟੀ.ਏ ਪਰਦੀਪ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀ ਵਿਸ਼ੇਸ ਤੌਰ ਤੇ ਮੌਜੂਦ ਸਨ।