ਚੰਡੀਗੜ੍ਹ 06 ਦਸੰਬਰ 2022: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਵਿੱਚ ਵਿਧਾਨ ਸਭਾ ਨੇ ਅੱਜ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਮਹਾਂਪ੍ਰੀਨਿਰਵਾਣ ਦਿਵਸ ਦੇ ਮੌਕੇ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਡਾ. ਅੰਬੇਡਕਰ ਵੱਲੋਂ ਭਾਰਤੀ ਸੰਵਿਧਾਨ ਬਣਾਉਣ ਲਈ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਸ. ਰੋੜੀ ਨੇ ਕਿਹਾ ਕਿ ਉਨ੍ਹਾਂ ਨੇ ਛੂਤ-ਛਾਤ ਦੇ ਖਾਤਮ ਅਤੇ ਨਾਗਰਿਕ ਸੁਤੰਤਰਤਾਵਾਂ ਦੀ ਗਾਰੰਟੀ ਨੂੰ ਅਮਲ ਵਿੱਚ ਲਿਆਂਦਾ। ਡਾ. ਅੰਬੇਦਕਰ ਨੇ ਔਰਤਾਂ ਲਈ ਵਿਆਪਕ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਯਕੀਨੀ ਬਣਾਇਆ ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਸੰਵਿਧਾਨਿਕ ਵਿਵਸਥਾ ਕੀਤੀ।
ਇਸ ਮੌਕੇ ਹਰਮੀਤ ਸਿੰਘ ਪਠਾਨਮਾਜਰਾ, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਅਮੋਲਕ ਸਿੰਘ, ਬਲਕਾਰ ਸਿੰੰਘ ਸਿੱਧੂ , ਗੁਰਪ੍ਰੀਤ ਬੱਸੀ ਗੋਗੀ, ਜਗਤਾਰ ਸਿੰਘ ਦਿਆਲਪੁਰ, ਡਾ. ਕਸ਼ਮੀਰਾ ਸਿੰਘ ਸੋਹਲ, ਸੰਤੋਸ਼ ਕੁਮਾਰੀ ਕਟਾਰੀਆ, ਕੁਲਵੰਤ ਸਿੰਘ ਸੰਧੂ, ਰਮਨ ਅਰੋੜਾ (ਸਾਰੇ ਵਿਧਾਇਕ) ਅਤੇ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਵੀ ਹਾਜ਼ਰ ਸਨ।