July 8, 2024 1:43 am
baby

ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਬੱਚੀ ਦਾ ਜਨਮ

ਕੀਵ 26 ਫਰਵਰੀ 2022 : ਰੂਸ ਦੀ ਫ਼ੌਜ ਯੂਕ੍ਰੇਨ ( Ukraine) ‘ਤੇ ਕਬਜ਼ਾ ਕਰਨ ਲਈ ਅੱਗੇ ਵੱਧ ਰਹੀ ਹੈ। ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਹਨ। ਇਸ ਦੌਰਾਨ ਡਰ ਦੇ ਸਾਏ ਵਿਚ ਯੂਕ੍ਰੇਨ ( Ukraine)  ਦੇ ਇਕ ਪਰਿਵਾਰ ਦੇ ਘਰ ਕਿਲਕਾਰੀਆਂ ਗੂੰਜੀਆਂ। ਰੂਸੀ ਮਿਜ਼ਾਈਲਾਂ ਤੋਂ ਬਚਣ ਲਈ ਸ਼ੈਲਟਰ ਵਿਚ ਸ਼ਰਨ ਲੈਣ ਵਾਲੀ ਇਕ ਔਰਤ ਨੇ ਸ਼ੁੱਕਰਵਾਰ ਨੂੰ ਇਕ ਖ਼ੂਬਸੂਰਤ ਬੱਚੀ ਨੂੰ ਜਨਮ ਦਿੱਤਾ।

ਇਕ ਖ਼ਬਰ ਮੁਤਾਬਕ ਯੂਕ੍ਰੇਨ ਦੇ ਲੋਕ ਆਪਣੀ ਜਾਨ ਬਚਾਉਣ ਲਈ ਤਹਿਖ਼ਾਨਿਆਂ ‘ਚ ਸ਼ਰਨ ਲੈ ਰਹੇ ਹਨ। ਅਜਿਹੇ ਹੀ ਇਕ ਤਹਿਖ਼ਾਨੇ ਵਿਚ ਇਕ ਗਰਭਵਤੀ ਔਰਤ ਵੀ ਮੌਜੂਦ ਸੀ, ਜਿਸ ਨੇ ਸ਼ੁੱਕਰਵਾਰ ਰਾਤ ਕਰੀਬ ਸਾਢੇ 8 ਵਜੇ ਇਕ ਬੱਚੀ ਨੂੰ ਜਨਮ ਦਿੱਤਾ। ਔਰਤ ਨੂੰ ਅਚਾਨਕ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਬਾਹਰ ਰੂਸੀ ਤੋਪਾਂ ਗਰਜ ਰਹੀਆਂ ਸਨ, ਇਸ ਲਈ ਉਸ ਨੂੰ ਹਸਪਤਾਲ ਲਿਜਾਣਾ ਸੰਭਵ ਨਹੀਂ ਸੀ। ਇਸ ਲਈ ਕਿਸੇ ਤਰ੍ਹਾਂ ਉਸ ਔਰਤ ਦੀ ਡਿਲਿਵਰੀ ਉਸੇ ਤਹਿਖ਼ਾਨੇ ਵਿਚ ਹੀ ਕਰਾਈ ਗਈ।

ਔਰਤ ਦੇ ਚੀਕਣ ਦੀ ਆਵਾਜ਼ ਸੁਣ ਕੇ ਬਾਹਰ ਮੌਜੂਦ ਪੁਲਸ ਕਰਮਚਾਰੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਔਰਤ ਦੀ ਡਿਲਿਵਰੀ ‘ਚ ਮਦਦ ਕੀਤੀ। ਬਾਅਦ ‘ਚ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਦੋਵੇਂ ਪੂਰੀ ਤਰ੍ਹਾਂ ਠੀਕ ਹਨ। ਔਰਤ ਨੇ ਆਪਣੀ ਬੱਚੀ ਦਾ ਨਾਂ ਮੀਆ ਰੱਖਿਆ ਹੈ। ਮੁਸ਼ਕਲ ਸਮੇਂ ‘ਚ ਯੂਕ੍ਰੇਨ ਦੇ ਲੋਕ ਇਸ ਬੱਚੀ ਨੂੰ ਉਮੀਦ ਦੀ ਤਰ੍ਹਾਂ ਦੇਖ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਮੀਆ ਦੀ ਕਿਸਮਤ ਨਾਲ ਜੰਗ ਰੁੱਕ ਜਾਵੇ। ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਰੂਸ ਨੇ ਯੂਕ੍ਰੇਨ ( Ukraine) ਨਾਲ ਯੁੱਧ ਦਾ ਐਲਾਨ ਕਰ ਦਿੱਤਾ ਸੀ। ਉਦੋਂ ਤੋਂ ਉਸ ਦੀ ਫੌਜ ਲਗਾਤਾਰ ਯੂਕ੍ਰੇਨ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਕ੍ਰੇਨ ਦੇ ਅਧਿਕਾਰੀਆਂ ਮੁਤਾਬਕ ਯੂਕ੍ਰੇਨ ( Ukraine)  ਵਿਚ ਹੁਣ ਤੱਕ 137 ਵਿਅਕਤੀ ਮਾਰੇ ਜਾ ਚੁੱਕੇ ਹਨ।