ਚੰਡੀਗੜ੍ਹ 07 ਜੁਲਾਈ 2022: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਅੱਜ ਅਸਤੀਫਾ ਦੇ ਸਕਦੇ ਹਨ। ਹਾਲਾਂਕਿ ਅਸਤੀਫਾ ਦੇਣ ਤੋਂ ਪਹਿਲਾਂ ਉਹ ਰਾਸ਼ਟਰ ਨੂੰ ਸੰਬੋਧਨ ਕਰਨਗੇ।ਦੱਸਿਆ ਜਾ ਰਿਹਾ ਹੈ ਕਿ ਜੌਨਸਨ ਅੱਜ ਰਾਤ ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ ਆਪਣੇ ਅਸਤੀਫੇ ਦਾ ਐਲਾਨ ਵੀ ਕਰ ਸਕਦੇ ਹਨ। ਹਾਲਾਂਕਿ ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੋਰਿਸ ਜੌਨਸਨ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ।
ਇਸ ਤੋਂ ਪਹਿਲਾਂ ਬੋਰਿਸ ਜੌਨਸਨ (Boris Johnson) ਦੇ 39 ਤੋਂ ਵੱਧ ਮੰਤਰੀ ਅਤੇ ਸੰਸਦੀ ਸਕੱਤਰ ਉਨ੍ਹਾਂ ਦਾ ਸਾਥ ਛੱਡ ਚੁੱਕੇ ਹਨ। ਜੌਨਸਨ ਦੇ ਮੰਤਰੀਆਂ ਨੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੁਆਰਾ ਬਗਾਵਤ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ‘ਤੇ ਵੀ ਅਹੁਦਾ ਛੱਡਣ ਦਾ ਦਬਾਅ ਹੈ।
ਇਸਦੇ ਨਾਲ ਹੀ ਉਨ੍ਹਾਂ ਦੀ ਸਰਕਾਰ ਦੇ ਸੀਨੀਅਰ ਮੰਤਰੀ ਬੁੱਧਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ 10, ਡਾਊਨਿੰਗ ਸਟ੍ਰੀਟ ਗਏ ਅਤੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ। ਸਭ ਤੋਂ ਖਾਸ ਗੱਲ ਇਹ ਸੀ ਕਿ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਜੋ ਉਨ੍ਹਾਂ ਦੀ ਕੱਟੜ ਸਮਰਥਕ ਮੰਨੀ ਜਾਂਦੀ ਸੀ,ਉਹ ਵੀ ਇਨ੍ਹਾਂ ਮੰਤਰੀਆਂ ਵਿੱਚ ਸ਼ਾਮਲ ਸੀ। ਜੌਹਨਸਨ ਨੇ ਮੰਤਰੀਆਂ ‘ਤੇ ਦਬਾਅ ਬਣਾਉਣ ਲਈ ਵਿਅਕਤੀਗਤ ਤੌਰ ‘ਤੇ ਮੁਲਾਕਾਤ ਕੀਤੀ।