ਚੰਡੀਗੜ੍ਹ 07 ਜੁਲਾਈ 2022: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਨੇ ਵੀਰਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ। ਹਾਲਾਂਕਿ ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੋਰਿਸ ਜੌਨਸਨ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ। ਇਸ ਦੌਰਾਨ ਜੌਨਸਨ ਨੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਹੁਣ ਤੱਕ ਦੇ ਘਟਨਾਕ੍ਰਮ ਤੋਂ ਇਹ ਸਪੱਸ਼ਟ ਹੈ ਕਿ ਸੰਸਦੀ ਪਾਰਟੀ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਪਾਰਟੀ ਦਾ ਨਵਾਂ ਨੇਤਾ ਬਿਠਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਲਈ ਮੁਕਾਬਲੇ ਦਾ ਸ਼ਡਿਊਲ ਅਗਲੇ ਹਫ਼ਤੇ ਦਿੱਤਾ ਜਾਵੇਗਾ। ਜੌਨਸਨ ਨੇ ਕਿਹਾ ਕਿ ਉਸ ਨੇ ਅਗਲੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਤੱਕ ਸੇਵਾ ਕਰਨ ਲਈ ਇੱਕ ਕੈਬਨਿਟ ਦੀ ਸਥਾਪਨਾ ਕੀਤੀ ਹੈ।ਜੌਨਸਨ ਆਪਣੇ ਸੰਬੋਧਨ ਦੌਰਾਨ ਕਾਫੀ ਭਾਵੁਕ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ 2019 ਵਿੱਚ ਮੇਰੀ ਅਗਵਾਈ ਵਿੱਚ ਪਾਰਟੀ ਨੂੰ 1987 ਤੋਂ ਬਾਅਦ ਸਭ ਤੋਂ ਵੱਡਾ ਬਹੁਮਤ ਮਿਲਿਆ ਸੀ । ਸਾਡਾ ਵੋਟ ਸ਼ੇਅਰ 1979 ਤੋਂ ਬਾਅਦ ਸਭ ਤੋਂ ਵੱਧ ਸੀ। ਮੈਨੂੰ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਸਾਰੇ ਕੰਮਾਂ ‘ਤੇ ਮਾਣ ਹੈ। ਉਨ੍ਹਾਂ ਬ੍ਰੈਕਸਿਟ ਨਾਲ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਬਾਹਰ ਕੱਢਣ ਦੀ ਗੱਲ ਕੀਤੀ। ਉਨ੍ਹਾਂ ਟੀਕਾਕਰਨ ਪ੍ਰੋਗਰਾਮ ਦੀ ਸਫ਼ਲਤਾ ਦਾ ਵੀ ਜ਼ਿਕਰ ਕੀਤਾ।